ਮਾਡਲ ਟਾਊਨ ‘ਚ ਦਿਨ-ਦਿਹਾੜੇ ਡਕੈਤੀ, ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲੱਖਾਂ ਦੀ ਲੁੱਟ

ਬਠਿੰਡਾ : ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ‘ਚ ਮੰਗਲਵਾਰ ਨੂੰ ਤਿੰਨ ਨਕਾਬਪੋਸ਼ ਲੁਟੇਰੇ ਦਿਨ-ਦਿਹਾੜੇ ਇਕ ਘਰ ‘ਚ ਵੜ੍ਹ ਕੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਤਿੱਖੇ ਹਥਿਆਰ ਤੇ ਪਿਸਤੌਲ ਦੀ ਨੋਕ ‘ਤੇ ਇੱਕ ਲੱਖ ਰੁਪਏ ਨਕਦ ਲੁੱਟ ਲਏ। ਨਾਲ ਹੀ, ਉਨ੍ਹਾਂ ਨੇ ਪੰਜ ਲੱਖ ਰੁਪਏ ਦਾ ਚੈੱਕ ਭਰਵਾ ਕੇ ਉਸ ‘ਤੇ ਦਸਤਖਤ ਕਰਵਾ ਲਏ।


 

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ ਸਿਟੀ ਨਰਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਲੁਟੇਰਿਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਪੀੜਤ ਨਿਰਮਲ ਵਰਮਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਾਲ ਹੀ ਵਿੱਚ ਹਸਪਤਾਲੋਂ ਇਲਾਜ ਕਰਵਾਉਣ ਤੋਂ ਬਾਅਦ ਘਰ ਆਏ ਸਨ। ਮੰਗਲਵਾਰ ਦੁਪਹਿਰ ਤਿੰਨ ਨਕਾਬਪੋਸ਼ ਲੁਟੇਰੇ ਉਨ੍ਹਾਂ ਦੇ ਕਮਰੇ ‘ਚ ਦਾਖਲ ਹੋਏ, ਉਨ੍ਹਾਂ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਪਿਸਤੌਲ ਦਿਖਾ ਕੇ ਧਮਕਾਉਣ ਲੱਗੇ। ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਨੂੰ ਵੀ ਬੁਲਾ ਕੇ ਧਮਕਾਇਆ ਅਤੇ ਘਰ ਵਿੱਚ ਪਈ ਨਕਦੀ ਤੇ ਸੋਨੇ ਦੀ ਜਾਣਕਾਰੀ ਮੰਗੀ।

ਲੁਟੇਰਿਆਂ ਨੇ ਡਰ ਦੇ ਮਾਰੇ ਇੱਕ ਲੱਖ ਰੁਪਏ ਦੀ ਨਕਦੀ ਲੈ ਲਈ। ਪਰ ਉਨ੍ਹਾਂ ਨੇ ਇੱਥੇ ਹੀ ਹਦ ਪਾਰ ਕਰਦੇ ਹੋਏ ਨਿਰਮਲ ਵਰਮਾ ਦੀ ਅਲਮਾਰੀ ਵਿੱਚੋਂ ਚੈੱਕਬੁੱਕ ਕੱਢੀ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਚੈਕ ਭਰਵਾ ਕੇ ਦਸਤਖਤ ਕਰਵਾ ਲਏ।

ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ
ਵਾਰਦਾਤ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਆਈਏ ਟੀਮ ਨੂੰ ਵੀ ਲੱਗਾ ਦਿੱਤਾ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਜਾਰੀ ਹੈ ਅਤੇ ਸ਼ਹਿਰ ਦੇ ਨਿਕਾਸੀ ਪੁਆਇੰਟ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।


 

ਇਲਾਕੇ ‘ਚ ਦਹਿਸ਼ਤ
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਬਣੀ ਹੋਈ ਹੈ। ਭਾਜਪਾ ਨੇਤਾ ਰਾਜ ਕੁਮਾਰ ਵੀ ਮੌਕੇ ‘ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਸ ਦਾ ਬਿਆਨ
ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਗੰਭੀਰ ਵਾਰਦਾਤ ਹੈ, ਪੁਲਸ ਪੂਰੀ ਤਰ੍ਹਾਂ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਗਤੀਵਿਧੀ ਹੋਣ ‘ਤੇ ਤੁਰੰਤ ਪੁਲਸ ਨੂੰ ਜਾਣਕਾਰੀ ਦਿਓ।

By Gurpreet Singh

Leave a Reply

Your email address will not be published. Required fields are marked *