ਗੁਰਪ੍ਰੀਤ ਸਿੰਘ :- ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਦਿਹਾਂਤ ਤੋਂ ਬਾਅਦ ਦਿੱਤੇ ਬਿਆਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੇ ਸਿਆਸੀ ਰੰਗ ਲੈ ਲਿਆ ਹੈ। ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਵੀ ਹੁੱਡਾ ਦੇ ਬਿਆਨ ’ਤੇ ਇਤਰਾਜ਼ ਜਤਾਇਆ ਗਿਆ। ਮਾਮਲਾ ਭਖਦਾ ਦੇਖ ਹੁਣ ਹੁੱਡਾ ਨੇ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।
ਹੁੱਡਾ ਬੋਲੇ-ਸਿੱਖ ਸਮਾਜ ਨਾਲ ਸਾਡੇ ਪਰਿਵਾਰਕ ਸਬੰਧ:
ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਕਦੇ ਵੀ ਅਜਿਹਾ ਇਰਾਦਾ ਨਹੀਂ ਰਿਹਾ ਕਿ ਉਨ੍ਹਾਂ ਦੀ ਕਿਸੇ ਗੱਲ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨਾਲ ਉਨ੍ਹਾਂ ਦੇ ਪਰਿਵਾਰ ਦੇ ਪੁਰਾਣੇ ਅਤੇ ਗੂੜ੍ਹੇ ਸਬੰਧ ਹਨ ਅਤੇ ਹਰ ਮੁਸ਼ਕਲ ਸਮੇਂ ਵਿੱਚ ਦੋਵੇਂ ਇਕ-ਦੂਜੇ ਦੇ ਨਾਲ ਖੜ੍ਹੇ ਰਹੇ ਹਨ।
‘84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ’:
ਦੀਪੇਂਦਰ ਹੁੱਡਾ ਨੇ ਸਪੱਸ਼ਟ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਜਿਨ੍ਹਾਂ ਲੋਕਾਂ ’ਤੇ ਦੋਸ਼ ਲੱਗੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਟੈਂਡ ਸਪੱਸ਼ਟ ਹੈ ਅਤੇ ਦੰਗਿਆਂ ਦੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਹੁੱਡਾ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਕਿਸਾਨਾਂ ਦੇ ਸੰਘਰਸ਼ ਦੌਰਾਨ 750 ਕਿਸਾਨਾਂ ਦੀ ਮੌਤ ਹੋਈ ਸੀ, ਉਦੋਂ ਵੀ ਉਨ੍ਹਾਂ ਦੀ ਪਾਰਟੀ ਨੇ ਕਿਸਾਨਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਨਾਲ ਵੀ ਉਨ੍ਹਾਂ ਦਾ ਹਮੇਸ਼ਾ ਭਾਈਚਾਰਕ ਰਿਸ਼ਤਾ ਰਿਹਾ ਹੈ।
‘ਮੈਂ ਸੱਜਣ ਕੁਮਾਰ ਨੂੰ ਰੋਲ ਮਾਡਲ ਨਹੀਂ ਕਿਹਾ’:
ਹੁੱਡਾ ਨੇ ਆਪਣੇ ਬਿਆਨ ਨੂੰ ਲੈ ਕੇ ਹੋ ਰਹੀ ਆਲੋਚਨਾ ’ਤੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੱਜਣ ਕੁਮਾਰ ਨੂੰ ਆਪਣਾ ‘ਰੋਲ ਮਾਡਲ’ ਨਹੀਂ ਦੱਸਿਆ। ਉਨ੍ਹਾਂ ਮੁਤਾਬਕ ਉਨ੍ਹਾਂ ਦੀਆਂ ਗੱਲਾਂ ਨੂੰ ਵੱਖਰੇ ਅਰਥਾਂ ਵਿੱਚ ਪੇਸ਼ ਕਰਕੇ ਵਿਵਾਦ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਨਾਲ ਜੁੜੇ ਮਾਮਲਿਆਂ ਵਿੱਚ ਉਨ੍ਹਾਂ ਦਾ ਰੁਖ ਸਪੱਸ਼ਟ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ।
ਅਕਾਲੀ ਦਲ, ਭਾਜਪਾ ਤੇ ‘ਆਪ’ ਨੇ ਵੀ ਘੇਰੀ ਕਾਂਗਰਸ:
ਹੁੱਡਾ ਦੇ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ’ਤੇ ਸਵਾਲ ਚੁੱਕੇ ਗਏ ਸਨ। ਇਸ ਮਗਰੋਂ ਐਤਵਾਰ ਨੂੰ ਹੁੱਡਾ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ 1984 ਦੇ ਦੰਗਿਆਂ ਦੇ ਦੋਸ਼ੀਆਂ ਦਾ ਬਚਾਅ ਕਰਨ ਜਾਂ ਉਨ੍ਹਾਂ ਨੂੰ ਮਹੱਤਵ ਦੇਣ ਦਾ ਇਰਾਦਾ ਨਹੀਂ ਸੀ।
