ਅੰਮ੍ਰਿਤਸਰ- ਸੋਸ਼ਲ ਮੀਡੀਆ ‘ਤੇ ਮਸ਼ਹੂਰ ਕੰਚਨ ਉਰਫ ਕਮਲ ਕੌਰ ਭਾਬੀ (30) ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਹੁਣ ਅੰਮ੍ਰਿਤਸਰ ਦੀ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦੀਪਿਕਾ ਲੂਥਰਾ ਨੂੰ ਧਮਕੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਅਸ਼ਲੀਲ ਕੈਂਟ ਨੂੰ ਲੈ ਕੇ ਤਾੜਨਾ ਦੇ ਚੁੱਕਾ ਹੈ, ਇਥੋਂ ਤਕ ਉਹ (ਦੀਪਿਕਾ) ਉਨ੍ਹਾਂ ਪਾਸੋਂ ਮੁਆਫੀਆਂ ਵੀ ਮੰਗ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਹਨ। ਦੀਪਿਕਾ ਲੂਥਰਾ ਨੂੰ ਚਿਤਾਵਨੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸੁਧਰਦੀ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਵੀਡੀਓ ਵਿਚ ਅੰਮ੍ਰਿਤਪਾਲ ਨੇ ਇਹ ਵੀ ਆਖਿਆ ਹੈ ਕਿ ਪਾਰਕਿੰਗ ਸਿਰਫ ਬਠਿੰਡਾ ਵਿਚ ਹੀ ਨਹੀਂ ਹੈ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਲਾਸ਼ ਵੀ ਮਿਲੇ।
ਅੰਮ੍ਰਿਤਪਾਲ ਸਿੰਘ ਵੱਲੋਂ ਧਮਕੀਆਂ ਮਿਲਣ ਦੇ ਦਾਅਵੇ ਮਗਰੋਂ ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਨੇ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਉਸਨੂੰ ਸਿੱਧੀ ਧਮਕੀ ਦਿੱਤੀ ਕਿ ਉਸਦਾ ਤਾਂ ਸੌਦਾ ਲੱਗ ਗਿਆ ਅਤੇ ਹੁਣ ਦੂਜਾ ਨੰਬਰ ਤੇਰਾ ਹੈ। ਦੀਪਿਕਾ ਮੁਤਾਬਕ ਅੰਮ੍ਰਿਤਪਾਲ ਨੇ ਕਿਹਾ ਕਿ ਕਮਲ ਦੀ ਤਾਂ ਲਾਸ਼ ਮਿਲ ਗਈ, ਪਰ ਤੇਰੀ ਤਾਂ ਲਾਸ਼ ਵੀ ਨਹੀਂ ਮਿਲਣੀ। ਉਸ ਨੇ ਦੱਸਿਆ ਕਿ ਬੀਤੇ ਸਮੇਂ ‘ਚ ਉਸ ਨੇ “ਡਬਲ ਮਾਈਨਿੰਗ” ਵਰਗੀਆਂ ਵੀਡੀਓਜ਼ ਬਣਾਈਆਂ ਸਨ, ਪਰ ਬਾਅਦ ਵਿੱਚ ਉਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਹੁਣ ਇਸ ਤਰ੍ਹਾਂ ਦੀ ਸਮੱਗਰੀ ਬਣਾਉਣ ਜਾਂ ਪ੍ਰਮੋਟ ਕਰਨ ਤੋਂ ਪੂਰੀ ਤਰ੍ਹਾਂ ਰੁਕ ਗਈ ਹੈ।
ਦੀਪਿਕਾ ਨੇ ਦੱਸਿਆ ਕਿ ਇਕ ਵਾਰ ਅੰਮ੍ਰਿਤਪਾਲ ਨੇ ਫੋਨ ਦੀ ਪ੍ਰਮੋਸ਼ਨ ਦੇ ਨਾਂ ‘ਤੇ ਧੋਖੇ ਨਾਲ ਬੁਲਾਇਆ ਸੀ ਅਤੇ ਮੇਰੇ ਫੋਨ ‘ਚੋਂ ਚੁਣ-ਚੁਣ ਕੇ ਵੀਡੀਓ ਵੀ ਡਿਟੀਲ ਕੀਤੀਆਂ ਸਨ ਪਰ ਹੁਣ ਮੈਨੂੰ ਮੈਨਸ਼ਨ ਕਰ ਕੇ ਲਿਖਿਆ ਕਿ ਦੂਜਾ ਨੰਬਰ ਤੇਰਾ ਹੈ। ਇਸ ਤੋਂ ਇਲਾਵਾ ਹਰ ਕੋਈ ਕੁਮੈਂਟ ਕਰਕੇ ਮੈਨੂੰ ਇਹੀ ਬੋਲ ਰਿਹਾ ਕਿ ਦੂਜਾ ਨੰਬਰ ਤੇਰਾ ਲੱਗਣਾ ਹੈ।ਉਸ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰੀ ਮੁਆਫੀ ਮੰਗ ਚੁੱਕੀ ਹਾਂ। ਮੈਂ ਸਧਾਰਣ ਪਰਿਵਾਰ ਨਾਲ ਸਬੰਧਤ ਹਾਂ ਅਤੇ ਕੁਝ ਪੈਸੇ ਕਮਾਉਣ ਲਈ ਵੀਡੀਓ ਬਣਾਉਣ ਦਾ ਕੰਮ ਕਰਦੀ ਹੈ। ਦੀਪਿਕਾ ਨੇ ਪ੍ਰਸ਼ਾਸਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
