ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਚੋਣ ਅੱਜ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਅੰਤਰਿੰਗ ਚੋਣ 25 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਹੋਵੇਗੀ। ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਵੱਲੋਂ ਚੋਣ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਮੁਖੀ ਮਾਲਵਿੰਦਰ ਸਿੰਘ ਵੱਲੋਂ ਭਲਕੇ ਆਪਣੀ ਹਾਜ਼ਰੀ ਵਿੱਚ ਇਹ ਚੋਣ ਕਰਵਾਈ ਜਾਵੇਗੀ। ਸੂਤਰਾਂ ਅਨੁਸਾਰ ਭਲਕੇ ਹੋਣ ਵਾਲੀ ਚੋਣ ’ਚ ਬਹੁਤਾ ਕਰਕੇ ਮੌਜੂਦਾ ਕਮੇਟੀ ਨੂੰ ਹੀ ਚੁਣੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਸ਼੍ੋਮਣੀ ਅਕਾਲੀ ਦਲ ਦਿੱਲੀ ਸਟੇਟ ਕੋਲ ਇਸ ਸਮੇਂ 40 ਮੈਂਬਰਾਂ ਦੀ ਹਮਾਇਤ ਹਾਸਲ ਹੈ ਜਦੋਂਕਿ ਸ਼੍ੋਮਣੀ ਅਕਾਲੀ ਦਲ ਬਾਦਲ ਕੋਲ 10 ਮੈਂਬਰਾਂ ਦੀ ਹਮਾਇਤ ਹਾਸਲ ਹੈ। 51 ਮੈਂਬਰੀ ਕਾਰਜਕਾਰਨੀ ’ਚ ਬਲਦੇਵ ਸਿੰਘ ਰਾਣੀ ਬਾਗ ਦੀ ਮੌਤ ਹੋਣ ਮਗਰੋਂ ਵੋਟਾਂ ਪਾਉਣ ਦੇ ਯੋਗ ਮੈਂਬਰਾਂ ਦੀ ਗਿਣਤੀ 50 ਹੈ। ਇਸ ਲਈ 26 ਉਮੀਦਵਾਰਾਂ ਦੇ ਸਮਰਥਨ ਨਾਲ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦੇਦਾਰਾਂ ਨੂੰ ਕੁਰਸੀ ਮਿਲੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਚੋਣ ਨੂੰ ਲੈ ਕੇ ਸ਼੍ੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਹੀ ਅਹੁਦੇਦਾਰਾਂ ਨੂੰ ਲੈ ਕੇ ਕਸ਼ਮਕਸ਼ ਹੋ ਸਕਦੀ ਹੈ। ਬੀਤੇ ਦਿਨਾਂ ਦੌਰਾਨ ਬਾਦਲ ਧੜੇ ਤੋਂ ਦਲ ਬਦਲੀ ਕਰਕੇ ਕਾਲਕਾ ਧੜੇ ਵਿੱਚ ਸ਼ਾਮਲ ਹੋਏ ਮੈਂਬਰਾਂ ਨੂੰ ਕਾਰਜਕਾਰਨੀ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਜਾਂ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਅਦਾਰਿਆਂ ਵਿੱਚ ਚੇਅਰਮੈਨ, ਮੈਨੇਜਰ ਜਾਂ ਮੀਤ ਚੇਅਰਮੈਨ ਦੇ ਅਹੁਦੇ ਦੇ ਕੇ ਖੁਸ਼ ਕੀਤਾ ਜਾ ਸਕਦਾ ਹੈ। ਇਸ ਸਮੇਂ ਹਰਮੀਤ ਸਿੰਘ ਕਾਲਕਾ ਪ੍ਰਧਾਨ ਹਨ ਜਦੋਂ ਕਿ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਹਨ।

By Rajeev Sharma

Leave a Reply

Your email address will not be published. Required fields are marked *