ਨੈਸ਼ਨਲ ਟਾਈਮਜ਼ ਬਿਊਰੋ :- ਧਮਧਾਨ ਸਾਹਿਬ ਗੁਰਦੁਆਰਾ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜਿਆ ਇੱਕ ਇਤਿਹਾਸਕ ਧਾਰਮਿਕ ਸਥਾਨ ਹੈ, ਉਥੇ ਰੇਲਗੱਡੀਆਂ ਦੇ ਠਹਿਰਾਓ ਅਤੇ ਬੱਸ ਸੇਵਾਵਾਂ ਦੀ ਮੰਗ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਸਰਪੰਚ, ਪੰਚ ਅਤੇ ਨੰਬਰਦਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਰੱਖੀਆਂ।
ਮੁੱਖ ਮੰਤਰੀ ਨੇ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਧਮਧਾਨ ਸਾਹਿਬ ਲਈ ਤੁਰੰਤ ਦੋ ਸਰਕਾਰੀ ਬੱਸਾਂ ਚਲਾਉਣ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਵਿੱਚ ਇੱਕ ਜੀੰਦ ਤੋਂ ਕੈਥਲ ਅਤੇ ਦੂਜੀ ਜੀੰਦ ਤੋਂ ਪਟਿਆਲਾ ਜਾਣ ਵਾਲੀ ਬੱਸ ਸ਼ਾਮਲ ਹੈ। ਇਹ ਫੈਸਲਾ ਧਾਰਮਿਕ ਸਥਾਨ ਦੀ ਮਹੱਤਾ ਨੂੰ ਸਮਝਦੇ ਹੋਏ ਅਤੇ ਨੇੜਲੇ ਪਿੰਡਾਂ ਦੇ ਯਾਤਰੀਆਂ ਦੀ ਸਹੂਲਤ ਲਈ ਲਿਆ ਗਿਆ।
ਧਮਧਾਨ ਸਾਹਿਬ ਰੇਲਵੇ ਸਟੇਸ਼ਨ 1935 ਵਿੱਚ ਬਣਿਆ ਸੀ ਅਤੇ ਇਹ ਧਰੌਦੀ ਤੇ ਟੋਹਾਣਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਹੈ। ਇੱਥੇ ਸ੍ਰੀ ਹਜੂਰ ਸਾਹਿਬ ਨਾਂਦੇੜ ਜਾਣ ਵਾਲੇ ਸ਼ਰਧਾਲੂ ਪਹਿਲਾਂ ਮੱਥਾ ਟੇਕਣ ਆਉਂਦੇ ਹਨ। ਪਰ, ਰੇਲਵੇ ਗੱਡੀਆਂ ਨਾ ਠਹਿਰਣ ਕਰਕੇ, ਉਨ੍ਹਾਂ ਨੂੰ 40 ਕਿਲੋਮੀਟਰ ਦੂਰ ਜਾਖਲ ਜੰਕਸ਼ਨ ਜਾਣਾ ਪੈਂਦਾ ਹੈ, ਜੋ ਕਿ ਇੱਕ ਵੱਡੀ ਦਿੱਕਤ ਬਣੀ ਹੋਈ ਹੈ।ਗੁਰਦੁਆਰਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸ੍ਰੀ ਗੰਗਾਨਗਰ-ਨਾਂਦੇੜ ਐਕਸਪ੍ਰੈੱਸ, ਸਰਬਤ ਦਾ ਭਲਾ ਆਦਿ ਰੇਲਗੱਡੀਆਂ ਨੂੰ ਇੱਥੇ ਠਹਿਰਣ ਦੀ ਇਜਾਜ਼ਤ ਦਿੱਤੀ ਜਾਵੇ। ਨਾਲ ਹੀ, ਗੁਰਦੁਆਰਾ ਸਾਹਿਬ ਦੇ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਤੇ ਨਵਾਂ ਨਿਰਮਾਣ ਕਰਵਾਉਣ ਦੀ ਵੀ ਮੰਗ ਕੀਤੀ ਗਈ। ਮੁੱਖ ਮੰਤਰੀ ਨੇ ਇਹ ਮਾਮਲਾ ਰੇਲਵੇ ਵਿਭਾਗ ਦੇ ਸਾਹਮਣੇ ਰੱਖਣ ਅਤੇ ਇਲਾਕੇ ਦੀਆਂ ਸੜਕਾਂ ਜਲਦੀ ਨਵੀਨੀਕਰਨ ਕਰਨ ਦਾ ਭਰੋਸਾ ਦਿੱਤਾ।