ਤੜਕਸਾਰ ਛਾਏ ਸੰਘਣੇ ਕਾਲੇ ਬੱਦਲਾਂ ਨੇ ਫਿਕਰਾਂ ‘ਚ ਪਾਏ ਕਿਸਾਨ, ਆਸਾਂ ‘ਤੇ ਫ਼ੇਰਿਆ ਪਾਣੀ; ਤਰਪਾਲਾਂ ਸਹਾਰੇ ਮੰਡੀ ‘ਚ ਆਈ ਫ਼ਸਲ

ਨੈਸ਼ਨਲ ਟਾਈਮਜ਼ ਬਿਊਰੋ :- ਸੋਮਵਾਰ ਦੇ ਤੜਕਸਾਰ ਛਾਏ ਸੰਘਣੇ ਕਾਲੇ ਬੱਦਲਾਂ ਨੇ ਜਿੱਥੇ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ, ਉਥੇ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਕਿਸਾਨ ਡਰੇ ਹੋਏ ਹਨ। ਕਿਉਂਕਿ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫ਼ਸਲ ਪਹਿਲਾਂ ਬਿਮਾਰੀ ਦੀ ਲਪੇਟ ਵਿੱਚ ਆ ਗਈ, ਹੁਣ ਮੀਂਹ ਦੀ ਮਾਰ ਪੈਂਦੀ ਦਿਖਾਈ ਦਿੰਦੀ ਹੈ। ਇਸ ਵਾਰ ਕੁਦਰਤ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰਕੇ ਰੱਖ ਦਿੱਤਾ ਅਤੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ‘ਚ ਕਾਫੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਅਤੇ ਹਰਾ ਚਾਰਾ ਢਹਿ ਢੇਰੀ ਹੋ ਗਿਆ। ਇਸ ਵਾਰ ਭਾਰੀ ਮੀਂਹ ਪੈਣ ਕਾਰਨ ਪਹਿਲਾਂ ਹੀ ਝੋਨੇ ਦੀ ਫ਼ਸਲ ਨੂੰ ਤੇਲਾ ਪਿਆ ਹੋਇਆ ਹੈ, ਜਿਸ ਕਾਰਨ ਝੋਨਾ ਦਾ ਦਾਣਾ ਕਾਲਾ ਪੈ ਗਿਆ ਅਤੇ ਅੱਜ ਆਈ ਤੇਜ਼ ਹਨੇਰੀ ਨੇ ਕਾਫੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਧਰਤੀ ‘ਤੇ ਵਿਛਾਕੇ ਝੋਨੇ ਦਾ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਵੱਡੀ ਮਾਤਰਾ ਵਿਚ ਆਈ ਝੋਨੇ ਦੀ ਫ਼ਸਲ ਵੀ ਤਰਪਾਲਾਂ ਦੇ ਸਹਾਰੇ ਹੈ। ਕਿਸਾਨਾਂ ਦਾ ਜਿਸ ਨੂੰ ਉਪਰੋਂ ਤਾਂ ਢੱਕ ਦਿੱਤਾ ਹੈ ਪਰ ਥੱਲੇ ਪਾਣੀ ਵੜ ਜਾਣ ਕਰਕੇ ਨੁਕਸਾਨ ਹੀ ਨੁਕਸਾਨ ਹੈ। ਕਈ ਥਾਵਾਂ ਉੱਤੇ ਹਲਕੀ ਬੂੰਦਾਂ ਬਾਂਦੀ ਵੀ ਹੋ ਰਹੀ ਹੈ।

ਬਲਵਿੰਦਰ ਸਿੰਘ ਪਿੰਡ ਪੰਜਰੁੱਖਾ, ਅਵਤਾਰ ਸਿੰਘ ਪਿੰਡ ਬੀਜਾ, ਬਿੰਦਰ ਸਿੰਘ ਪਿੰਡ ਮਾਜਰਾ, ਗੁਰਦੀਪ ਸਿੰਘ ਰਾਸੁਲੜਾ ਅਤੇ ਗੁਰਜੋਤ ਸਿੰਘ ਰੋਹਣੋ ਖੁਰਦ ਨੇ ਕਿਹਾ ਕਿ ਕਿਸਾਨਾਂ ਨੂੰ ਪੈਰ ਪੈਰ ‘ਤੇ ਮਾਰ ਪੈ ਰਹੀ ਹੈ, ਕਦੇ ਕੁਦਰਤ ਦੀ ਮਾਰ ਅਤੇ ਕਦੇ ਸਰਕਾਰਾਂ ਦੀ ਮਾਰ। ਪਹਿਲਾਂ ਕਿਸਾਨ ਗਰਮੀ-ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਰਾਤਾਂ ਜਾਗ ਜਾਗ ਕੇ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ , ਪਰ ਉਸਨੂੰ ਕਦੇ ਅਜਿਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਅਤੇ ਕਦੇ ਆਪਣੀ ਫਸਲ ਨੂੰ ਮੰਡੀਆਂ ‘ਚ ਵੇਚਣ ਲਈ ਰੁੱਲਣਾ ਪੈਂਦਾ। ਇਸ ਵਾਰ ਜ਼ਿਆਦਾ ਮੀਂਹ ਪੈਣ ਕਾਰਨ ਪਹਿਲਾਂ ਹੀ ਝੋਨੇ ਦੀ ਫ਼ਸਲ ਨੂੰ ਤੇਲਾ ਲੱਗਿਆ ਹੋਇਆ ਹੈ, ਜਿਸ ਕਾਰਨ ਬਹੁਤ ਜ਼ਿਆਦਾ ਝਾੜ ਘਟੇਗਾ ਅਤੇ ਦੂਸਰਾ ਅੱਜ ਹਲਕੇ ਮੀਂਹ ਨਾਲ ਤੇਜ਼ ਹਨੇਰੀ ਨੇ ਝੋਨੇ ਦੀ ਫ਼ਸਲ ਧਰਤੀ ‘ਤੇ ਵਿਛਾ ਦਿੱਤੀ ਅਤੇ ਪਹਿਲਾਂ ਹੀ ਤੇਲੇ ਦੀ ਮਾਰ ਝੱਲ ਰਹੀ ਝੋਨੇ ਦੀ ਫ਼ਸਲ ਧਰਤੀ ਤੇ ਡਿੱਗਣ ਕਾਰਨ ਝੋਨੇ ਦਾ ਝਾੜ ਅੱਧਾ ਹੀ ਨਿਕਲੇਗਾ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਬਹੁਤ ਬੁਰਾ ਹਾਲ ਹੈ। ਜੇਕਰ ਮੌਸਮ ਸਾਫ਼ ਨਾ ਹੋਇਆ ਤਾਂ ਹੁਣ ਮੀਂਹ ਨਾਲ ਵੱਡਾ ਨੁਕਸਾਨ ਹੋ ਜਾਵੇਗਾ। ਨਮੀ ਦੀ ਵੱਧ ਮਾਤਰਾ ਦੱਸ ਕੇ ਪਹਿਲਾਂ ਕਈ ਦਿਨ ਤੋਂ ਮੰਡੀ ਵਿੱਚ ਬਿਠਾਇਆ ਹੋਇਆ ਹੈ। ਇਨ੍ਹਾਂ ਦੀਆਂ ਮਸ਼ੀਨਾਂ ਵੀ ਵੱਧ ਨਮੀ ਦੱਸਦੀਆਂ ਹਨ।

ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਆਖਿਆ ਕਿ ਦੋ ਸਾਲ ਪਹਿਲਾਂ ਕਣਕ ਦੀ ਫ਼ਸਲ ਦਾ ਪੰਜਾਹ ਪਰਸੈਂਟ ਨੁਕਸਾਨ ਹੋਇਆ ਸੀ ,ਪਰ ਉਸ ਸਮੇਂ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਸੀ ਅਤੇ ਹੁਣ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ , ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

By Gurpreet Singh

Leave a Reply

Your email address will not be published. Required fields are marked *