ਅੰਮ੍ਰਿਤਸਰ (ਨੈਸ਼ਨਲ ਟਾਈਮਜ਼): ਸਿੱਖ ਪੰਥ ਸਬੰਧੀ ਇੱਕ ਵੱਡੇ ਘਟਨਾਕ੍ਰਮ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਫੈਸਲਿਆਂ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਜਥੇਦਾਰ ਹਟਾਉਣ ਦੇ ਤਰੀਕੇ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਐਸਜੀਪੀਸੀ ਨੂੰ ਨੋਟਿਸ ਜਾਰੀ ਕਰਕੇ ਜਵਾਬਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਗਲਤ ਹੈ।
ਗਿਆਨੀ ਰਘਬੀਰ ਸਿੰਘ ਨੂੰ 7 ਮਾਰਚ 2025 ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਕਰਨ ਦੀ ਭੂਮਿਕਾ ਸੰਭਾਲੀ। ਹਾਲਾਂਕਿ, ਹੁਣ ਇਹ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਵੀ ਹਟਾਇਆ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖटਖਟਾਇਆ ਹੈ। ਇਹ ਵੀ ਗੌਰਤਲਬ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਚਾਨਕ ਜਥੇਦਾਰੀ ਤੋਂ ਹਟਾਇਆ ਗਿਆ ਸੀ, ਜਿਸ ਤੋਂ ਬਾਅਦ ਸਿੱਖ ਆਗੂਆਂ ਨੇ ਹਾਈ ਕੋਰਟ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਸੀ, ਕਿਉਂਕਿ ਇਸ ਨੂੰ ਸਿੱਖ ਪੰਥ ਦੀ ਸਾਕ ਲਈ ਠੀਕ ਨਹੀਂ ਮੰਨਿਆ ਗਿਆ।
ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਨੇ ਇਸ ਕਦਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ‘ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, “ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ‘ਤੇ ਸਿੱਧਾ ਹਮਲਾ ਹੈ, ਜਿਸ ਦੀ ਅਗਵਾਈ ਸਾਬਕਾ ਜਥੇਦਾਰ ਨੇ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਰਵਉੱਚ ਹੈ, ਪਰ ਅਦਾਲਤ ਵਿੱਚ ਜਾਣਾ ਇਸ ਦੇ ਸਿਧਾਂਤਾਂ ਨੂੰ ਆਪਣੇ ਹੱਥੀਂ ਤੋੜਨਾ ਹੈ।”
ਦੱਸਣਯੋਗ ਹੈ ਕਿ 1979 ਵਿੱਚ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਵੀ ਅਦਾਲਤ ਦੇ ਸੰਮਨ ਤੋਂ ਇਨਕਾਰ ਕਰ ਦਿੱਤਾ ਸੀ, ਤੇ ਇਸਦਾ ਕਾਰਨ ਦਿੱਤਾ ਸੀ ਕਿ ਦੁਨੀਆਵੀ ਅਦਾਲਤਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੋਈ ਹੱਕ ਨਹੀਂ ਹੈ।
ਜਗਤਾਰ ਸਿੰਘ ਨੇ ਦਾਅਵਾ ਕੀਤਾ ਕਿ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦਾ ਡਰ ਸੀ, ਇਸ ਲਈ ਉਨ੍ਹਾਂ ਨੇ ਹੈੱਡ ਗ੍ਰੰਥੀ ਦਾ ਅਹੁਦਾ ਸੰਭਾਲਿਆ। ਹੁਣ, ਜਦੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਤੋਂ ਵੀ ਹਟਾਏ ਜਾਣ ਦਾ ਖਦਸ਼ਾ ਹੈ, ਉਨ੍ਹਾਂ ਨੇ ਅਦਾਲਤੀ ਸਹਾਰਾ ਲਿਆ। ਉਨ੍ਹਾਂ ਕਿਹਾ, “ਪੰਥ ਹੀ ਸੁਰੱਖਿਆ ਦਿੰਦਾ ਹੈ, ਅਤੇ ਇਸ ਲਈ ਉਨ੍ਹਾਂ ਨੂੰ ਸੁਰੱਖਿਆ ਪੰਥ ਤੋਂ ਮੰਗਣੀ ਚਾਹੀਦੀ ਸੀ, ਨਾ ਕਿ ਅਦਾਲਤ ਤੋਂ।”
ਇਸ ਮਾਮਲੇ ਨੇ ਸਿੱਖ ਪੰਥ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ, ਅਤੇ ਹੁਣ ਇਹ ਵੇਖਣਾ ਹੋਵੇਗਾ ਕਿ ਹਾਈ ਕੋਰਟ ਇਸ ‘ਤੇ ਕੀ ਫੈਸਲਾ ਸੁਣਾਉਂਦੀ ਹੈ ਤੇ ਪੰਥ ਗਿਆਨੀ ਰਘਬੀਰ ਸਿੰਘ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੈ। ਸਿਰਫ਼ ਇੰਨਾ ਹੀ ਨਹੀਂ ਸਗੋਂ ਇਹ ਵੀ ਦੇਖਣਾ ਹੋਵੇਗਾ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਵਾਰਾ ਕਮੇਟੀ ਇਸ ‘ਤੇ ਕੀ ਫੈਸਲਾ ਲੈਂਦੀਆਂ ਹਨ।