ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗਬੰਦੀ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਇਕ ਹੋਰ ਅਹਿਮ ਬਿਆਨ ਸਾਹਮਣੇ ਆਇਆ ਹੈ। ਖਵਾਜਾ ਆਸਿਫ ਨੇ ਕਿਹਾ ਹੈ ਕਿ ਕਸ਼ਮੀਰ, ਸਿੰਧੂ ਜਲ ਸੰਧੀ (IWT) ਅਤੇ ਅੱਤਵਾਦ ਭਾਰਤ ਨਾਲ ਮੁੱਖ ਮੁੱਦੇ ਹਨ ਅਤੇ ਭਵਿੱਖ ਵਿਚ ਗੁਆਂਢੀ ਦੇਸ਼ ਨਾਲ ਕਿਸੇ ਵੀ ਸੰਭਾਵੀ ਗੱਲਬਾਤ ਵਿੱਚ ਇਨ੍ਹਾਂ ਮੁੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾ ਸਕਦੀ ਹੈ।
ਆਸਿਫ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਉਨ੍ਹਾਂ ਨੂੰ ਭਾਰਤ ਨਾਲ ਹੋਈ ਜੰਗਬੰਦੀ ‘ਤੇ ਸਹਿਮਤੀ ਦੇ ਬਾਅਦ ਭਾਰਤ ਨਾਲ ਬਕਾਇਆ ਮੁੱਦਿਆਂ ਨਾਲ ਨਜਿੱਠਣ ਬਾਰੇ ਪੁੱਛਿਆ ਗਿਆ ਸੀ। ਜੰਗਬੰਦੀ ‘ਤੇ ਬਣੀ ਸਹਿਮਤੀ ਮੁਤਾਬਕ ਤੁਰੰਤ ਪ੍ਰਭਾਵ ਨਾਲ ਜ਼ਮੀਨ, ਹਵਾ ਅਤੇ ਸਮੁੰਦਰ ‘ਤੇ ਸਾਰੀ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ,”ਜੇ ਜੰਗਬੰਦੀ ਸ਼ਾਂਤੀ ਵੱਲ ਰਾਹ ਪੱਧਰਾ ਕਰਨ ਵਿੱਚ ਮਦਦ ਕਰਦੀ ਹੈ ਤਾਂ ਇਹ ਇੱਕ ਸਵਾਗਤਯੋਗ ਕਦਮ ਹੋਵੇਗਾ। ਪਰ ਯਕੀਨ ਨਾਲ ਕੁਝ ਵੀ ਕਹਿਣਾ ਜਲਦੀ ਹੈ।”
ਆਸਿਫ ਨੇ ਕਿਹਾ,”ਜਿਵੇਂ ਜਿਵੇਂ ਸਮਾਂ ਬੀਤਦਾ ਜਾਵੇਗਾ, ਸ਼ਾਂਤੀ ਦੇ ਮੌਕੇ ਉੱਭਰ ਸਕਦੇ ਹਨ।” ਆਸਿਫ ਨੇ ਅੱਗੇ ਕਿਹਾ,”ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਅਤੇ ਖਾਸ ਕਰਕੇ ਇਸਦੀ ਲੀਡਰਸ਼ਿਪ, ਇੱਕ ਦਿਨ ਪਾਰਟੀ ਹਿੱਤਾਂ ਨਾਲੋਂ ਖੇਤਰ ਦੇ ਭਵਿੱਖ ਨੂੰ ਤਰਜੀਹ ਦੇਵੇਗੀ।” ਮੰਤਰੀ ਨੇ ਕਿਹਾ ਕਿ ਸਮਾਨਤਾ ‘ਤੇ ਅਧਾਰਤ ਸ਼ਾਂਤੀਪੂਰਨ ਸਹਿਹੋਂਦ ਦੱਖਣੀ ਏਸ਼ੀਆ ਦੀ ਤਰੱਕੀ ਦੀ ਕੁੰਜੀ ਹੈ। ਉਨ੍ਹਾਂ ਨੇ ਚੀਨ, ਤੁਰਕੀ, ਅਜ਼ਰਬਾਈਜਾਨ ਅਤੇ ਖਾੜੀ ਭਾਈਵਾਲਾਂ ਸਮੇਤ ਮੁੱਖ ਸਹਿਯੋਗੀਆਂ ਅਤੇ ਦੋਸਤਾਨਾ ਦੇਸ਼ਾਂ ਦੇ ਕੂਟਨੀਤਕ ਸਮਰਥਨ ਦੀ ਪ੍ਰਸ਼ੰਸਾ ਕੀਤੀ।