ਨੈਸ਼ਨਲ ਟਾਈਮਜ਼ ਬਿਊਰੋ :- ਵਾਸ਼ਿੰਗਟਨ ਤੋਂ ਆ ਰਹੀ ਇਕ ਵੱਡੀ ਖ਼ਬਰ ਅਨੁਸਾਰ, ਕਾਸ਼ ਪਟੇਲ ਨੂੰ ਅਮਰੀਕਾ ਦੀ ਸ਼ਰਾਬ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ATF ਦੇ ਕਾਰਜਕਾਰੀ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਬਦਲਾਅ ਨਿਆਂ ਵਿਭਾਗ ਵਿੱਚ ਚੱਲ ਰਹੀਆਂ ਅੰਦਰੂਨੀ ਚਰਚਾਵਾਂ ਦੇ ਦਰਮਿਆਨ ਹੋਇਆ। ਉਨ੍ਹਾਂ ਦੀ ਥਾਂ ਤੇ ਫੌਜ ਸਕੱਤਰ ਡੈਨੀਅਲ ਡ੍ਰਿਸਕੋਲ ਨੂੰ ਨਵਾਂ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ।

ਕਾਸ਼ ਪਟੇਲ ਨੇ ATF ਚ ਮਾਤਰ 24 ਫਰਵਰੀ ਨੂੰ ਸਹੁੰ ਚੁੱਕੀ ਸੀ। ਉਸ ਤੋਂ ਤਿੰਨ ਦਿਨ ਪਹਿਲਾਂ ਹੀ ਉਹ ਐੱਫਬੀਆਈ ਡਾਇਰੈਕਟਰ ਵਜੋਂ ਚੁਣੇ ਗਏ ਸਨ। ਇੱਕੋ ਸਮੇਂ ਨਿਆਂ ਵਿਭਾਗ ਦੀਆਂ ਦੋ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣਾ ਬਹੁਤ ਹੀ ਅਸਧਾਰਣ ਮੰਨਿਆ ਜਾਂਦਾ ਹੈ। ਅਧਿਕਾਰਕ ਸੂਤਰਾਂ ਮੁਤਾਬਕ, ਪਟੇਲ ਨੂੰ ਹਟਾਉਣ ਦਾ ਫੈਸਲਾ ਉਨ੍ਹਾਂ ਦੇ ਕੰਮ ਜਾਂ ਪ੍ਰਦਰਸ਼ਨ ਨਾਲ ਨਹੀਂ ਜੁੜਿਆ, ਪਰ ਇਸ ਬਦਲਾਅ ਦੀ ਕੋਈ ਸਪਸ਼ਟ ਵਜ੍ਹਾ ਨਹੀਂ ਦਿੱਤੀ ਗਈ। ਹਾਲਾਂਕਿ ਉਨ੍ਹਾਂ ਦੇ ਹਟਾਏ ਜਾਣ ਮਗਰੋਂ ਵੀ ATF ਦੀ ਵੈੱਬਸਾਈਟ ਉੱਤੇ 7 ਅਪ੍ਰੈਲ ਤੱਕ ਕਾਸ਼ ਪਟੇਲ ਨੂੰ ਕਾਰਜਕਾਰੀ ਨਿਰਦੇਸ਼ਕ ਵਜੋਂ ਦਰਸਾਇਆ ਗਿਆ ਅਤੇ ਮਾਰਚ ਮਹੀਨੇ ਇੱਕ ਅਧਿਕਾਰਕ ਨੋਟ ਵੀ ਜਾਰੀ ਹੋਇਆ ਜਿਸ ਉੱਤੇ ਉਨ੍ਹਾਂ ਦੇ ਦਸਤਖ਼ਤ ਮੌਜੂਦ ਸਨ।
ਵ੍ਹਾਈਟ ਹਾਊਸ ਦੇ ਬੁਲਾਰੇ ਹੈਰੀਸਨ ਫੀਲਡਜ਼ ਨੇ ਦੱਸਿਆ ਕਿ ਕਾਸ਼ ਪਟੇਲ ਦੀ ATF ਵਿਚ ਨਿਯੁਕਤੀ ਸਿਰਫ ਅਸਥਾਈ ਸੀ, ਜਦ ਤੱਕ ਸੈਨੇਟ ਵੱਲੋਂ ਪੁਸ਼ਟੀ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਪਟੇਲ ਐੱਫਬੀਆਈ ਵਿੱਚ ਆਪਣੀ ਭੂਮਿਕਾ ਵਿਚ ਚੰਗਾ ਕੰਮ ਕਰ ਰਹੇ ਹਨ। ਨਵਾਂ ਮੁਖੀ ਬਣਾਇਆ ਗਿਆ ਡੈਨੀਅਲ ਡ੍ਰਿਸਕੋਲ ਅਮਰੀਕੀ ਫੌਜ ਦੇ ਸਭ ਤੋਂ ਵੱਡੇ ਭਾਗ ਦੀ ਅਗਵਾਈ ਕਰਦੇ ਹਨ। ਉਹ 187 ਬਿਲੀਅਨ ਡਾਲਰ ਤੋਂ ਵੱਧ ਦੇ ਫੌਜੀ ਬਜਟ ਅਤੇ ਵੱਡੇ ਜੰਗੀ ਉਪਕਰਣਾਂ ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਹਨ। ਉੱਤਰੀ ਕੈਰੋਲੀਨਾ ਦੇ ਨਿਵਾਸੀ ਡ੍ਰਿਸਕੋਲ ਨੇ ਪਹਿਲਾਂ ਯੇਲ ਲਾਅ ਸਕੂਲ ਵਿਚ ਪੜ੍ਹਦੇ ਹੋਏ ਉਪ-ਰਾਸ਼ਟਰਪਤੀ ਜੇਡੀ ਵੈਂਸ ਨਾਲ ਕੰਮ ਕੀਤਾ। ਫੌਜ ਵਿੱਚ ਉਹ ਫਸਟ ਲੈਫਟੀਨੈਂਟ ਰੈਂਕ ਤੱਕ ਸੇਵਾ ਕਰ ਚੁੱਕੇ ਹਨ।2020 ਵਿੱਚ ਡ੍ਰਿਸਕੋਲ ਨੇ ਉੱਤਰੀ ਕੈਰੋਲੀਨਾ ਤੋਂ ਕਾਂਗਰਸ ਦੀ ਸੀਟ ਲਈ ਚੋਣ ਲੜੀ ਸੀ ਪਰ ਸਿਰਫ 8 ਫੀਸਦੀ ਵੋਟਾਂ ਨਾਲ ਹਾਰ ਗਏ।
