ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਬਹੁਕਰੋੜੀ ਡਰੱਗ ਰੈਕਟ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਤੋਂ ਦੂਜੇ ਦਿਨ ਵੀ ਲਗਤਾਰ 8 ਘੰਟੇ ਪੁਛ ਗਿਛ ਕੀਤੀ। ਅੱਜ ਵੀ 11.00 ਵਜੇ ਮਜੀਠੀਆ ਪੁਲਸ ਲਾਈਨ ਵਿਖੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਅਤੇ ਸ਼ਾਮ ਨੂੰ ਸਾਢੇ 6 ਵਜੇ ਬਾਹਰ ਆਏ।
ਜਿਥੇ ਬਾਹਰ ਆ ਕੇ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਐਸ.ਆਈ.ਟੀ ਨੂੰ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਨੂੰ ਪੁਰਾ ਕਰਨ ਅਤੇ ਜਾਂ ਫੇਰ ਇਸ ਮਾਮਲੇ ਵਿਚ ਕਲੋਜਰ ਰਿਪੋਰਟ ਦਾਇਰ ਕਰਨ ਜਾਂ ਫੇਰ ਚਲਾਨ ਪੇਸ਼ ਕਰਨ, ਪਰ ਐਸ.ਆਈ.ਟੀ ਵੱਲੋਂ ਮਾਮਲੇ ਵਿਚ ਜਾਣ ਬੁਝ ਕੇ ਦੇਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਐਸ.ਆਈ.ਟੀ ਵੱਲੋਂ ਮਾਮਲੇ ਨੂੰ ਮੈਨੂੰ ਜਾਣ ਬੂੁਝ ਕੇ ਪਰੇਸ਼ਾਨ ਕਰਨ ਲਈ ਅੱਗੇ ਵਧਾਇਆ ਜਾ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਪੱਸ਼ਟ ਨਿਰਦੇਸ਼ ਹਨ ਕਿ ਇਸ ਮਾਮਲੇ ਦੀ ਜਾਂਚ ਪੁਰੀ ਕੀਤੀ ਜਾਵੇ ਅਤੇ ਮਾਣਯੋਗ ਅਦਾਲਤ ਦੇ ਨਿਰਦੇਸਾਂ ਤੇ ਹੀ ਉਹ ਐਸ.ਆਈ.ਟੀ ਅੱਗੇ ਪੇਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਚੌਥੀ ਐਸ.ਆਈ.ਟੀ ਬਣੀ ਹੈ ਅਤੇ ਉਹ ਸਾਲ 2022 ਤੋਂ ਪੇਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਕਿ ਇਸ ਕੇਸ ਦੀ ਜਾਂਚ ਪੁਰੀ ਕਰਕੇ ਚਲਾਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਥੇ ਇਹ ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ’ਤੇ 20 ਦਸੰਬਰ 2021 ਨੂੰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ। ਜਿਸ ਵਿਚ ਉਨ੍ਹਾਂ ਨੇ ਫਰਵਰੀ 2022 ਨੂੰ ਮਾਣਯੋਗ ਅਦਾਲਤ ਵਿਚ ਸਰੰਡਰ ਕਰ ਦਿੱਤਾ। ਇਸ ਤੋਂ ਬਾਅਦ ਉਹ ਕਈ ਮਹੀਨਿਆ ਤੱਕ ਜੇਲ ਵਿਚ ਰਹੇ ਅਤੇ ਬਾਅਦ ਵਿਚ ਉਨ੍ਹਾਂ ਦੀ ਜਮਾਨਤ ਹੋ ਗਈ।
ਇਸ ਤੋਂ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਫੇਰ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ, ਜਿਸ ਦੀ ਅਗਵਾਈ ਡੀ.ਆਈ.ਜੀ. ਮੁੱਖਵਿੰਦਰ ਸਿੰਘ ਛੀਨਾ ਨੇ ਕੀਤੀ ਅਤੇ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਈ ਵਾਰ ਪੇਸ਼ ਹੋਣ ਲਈ ਬੁਲਾਇਆ ਅਤੇ ਮੁਖਵਿੰਦਰ ਸਿੰਘ ਛੀਨਾ ਦੀ ਸੇਵਾ ਮੁਕਤੀ ਤੋਂ ਬਾਅਦ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਐਸ.ਆਈ.ਟੀ. ਦੇ ਮੁੱਖੀ ਬਣੇ ਅਤੇ ਉਨ੍ਹਾਂ ਵੱਲੌਂ ਬਿਕਰਮ ਸਿੰਘ ਮਜੀਠੀਆ ਤੋਂ ਪੁਛ ਗਿਛ ਕੀਤੀ।
ਜਿਸ ਦੇ ਵਿਰੋਧ ਵਿਚ ਬਿਕਰਮ ਸਿੰਘ ਮਜੀਠੀਆ ਨੇ ਮਾਣਸੋਗ ਅਦਾਲਤ ਵਿਚ ਗਏ ਅਤੇ ਹੁਣ ਮਾਣਯੋਗ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਫੇਰ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਅਤੇ ਨਾਲ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਤੁਰੰਤ ਪੁਰੀ ਕਰੇ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਡਵੋਕੇਟ ਰਾਕੇਸ਼ ਪਰਾਸਰ, ਅਕਾਸ਼ ਬੋਕਸਰ, ਹਰਜੀਤ ਸਿੰਘ ਜੀਤੀ, ਅਨੂੰ, ਰਾਜਵੀਰ ਅਤੇ ਹੋਰ ਵੀ ਹਾਜ਼ਰ ਸਨ।
