ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ‘ਚ ਮੰਗਲਵਾਰ ਨੂੰ ਗੰਗਾ ਨਦੀ ‘ਚ ਡੁੱਬਣ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਬੁਰੀ ਹਾਲਤ ਵਿੱਚ ਹਨ।
ਪੁਲਸ ਸੂਤਰਾਂ ਨੇ ਦੱਸਿਆ ਕਿ ਬਰਧਾ ਪਿੰਡ ਦੇ ਰਹਿਣ ਵਾਲੇ ਸੰਜੇ ਯਾਦਵ ਦੇ ਪਰਿਵਾਰ ਦੇ ਪੰਜ ਮੈਂਬਰ ਗੰਗਾ ਨਦੀ ‘ਚ ਨਹਾਉਣ ਗਏ ਸਨ। ਨਹਾਉਂਦੇ ਸਮੇਂ ਸੰਜੇ ਯਾਦਵ ਦਾ ਪੁੱਤਰ ਅਮਨ ਰਾਜ ਡੂੰਘੇ ਪਾਣੀ ‘ਚ ਡੁੱਬਣ ਲੱਗ ਪਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸਦਾ ਵੱਡਾ ਭਰਾ ਹਰਸ਼ ਰਾਜ ਵੀ ਡੁੱਬਣ ਲੱਗ ਪਿਆ। ਦੋਵਾਂ ਭਰਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਵੱਡੀ ਭੈਣ ਸ਼ਾਲੂ ਕੁਮਾਰੀ ਵੀ ਅੱਗੇ ਵਧੀ। ਇਸ ਤੋਂ ਬਾਅਦ ਉਨ੍ਹਾਂ ਤਿੰਨਾਂ ਨੂੰ ਚਾਚਾ ਅਤੇ ਚਾਚੀ ਨੇ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਇੱਥੇ ਆਸ-ਪਾਸ ਦੇ ਲੋਕਾਂ ਵੱਲੋਂ ਕੀਤੀ ਗਈ ਆਵਾਜ਼ ਸੁਣ ਕੇ ਮਲਾਹ ਮੌਕੇ ‘ਤੇ ਪਹੁੰਚੇ ਅਤੇ ਚਾਚੇ-ਚਾਚੀ ਨੂੰ ਡੁੱਬਣ ਤੋਂ ਬਚਾ ਲਿਆ ਪਰ ਸ਼ਾਲੂ ਕੁਮਾਰੀ, ਹਰਸ਼ ਰਾਜ ਅਤੇ ਅਮਨ ਰਾਜ ਦੀ ਡੁੱਬਣ ਨਾਲ ਮੌਤ ਹੋ ਗਈ। ਸਥਾਨਕ ਲੋਕਾਂ ਨੇ ਲਾਸ਼ਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਮੁੰਗੇਰ ਸਦਰ ਹਸਪਤਾਲ ਭੇਜ ਦਿੱਤਾ।