ਕੈਨੇਡਾ ਕ੍ਰਿਕਟ ਟੀਮ ‘ਚ ਭੂਚਾਲ, ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ‘ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਦੇ ਦੋਸ਼; ਮੈਚ ਫਿਕਸਿੰਗ ਜਾਂਚ ਨੇ ਵਧਾਈ ਚਿੰਤਾ

ਰਾਜੀਵ ਸ਼ਰਮਾ :- ਕੈਨੇਡਾ ਦੀ ਕ੍ਰਿਕਟ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਨੂੰ ਲੈ ਕੇ ਇੱਕ ਗੰਭੀਰ ਵਿਵਾਦ ਸਾਹਮਣੇ ਆਇਆ ਹੈ, ਜਿਸ ਨੇ ਖੇਡ ਜਗਤ ਵਿੱਚ ਚਰਚਾ ਨੂੰ ਤੀਖਾ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਬਾਜਵਾ ‘ਤੇ ਦੋਸ਼ ਲੱਗ ਰਹੇ ਹਨ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸੰਬੰਧਿਤ ਹਨ ਅਤੇ ਇਸ ਗਿਰੋਹ ਰਾਹੀਂ ਟੀਮ ਪ੍ਰਬੰਧਨ ‘ਤੇ ਦਬਾਅ ਬਣਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਕਪਤਾਨੀ ਸੌਂਪੀ ਜਾਵੇ। ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਕੁਝ ਖਿਡਾਰੀਆਂ ਨੂੰ ਇਸ ਫੈਸਲੇ ਨਾਲ ਅਸਹਿਮਤੀ ਜਤਾਉਣ ‘ਤੇ ਧਮਕੀਆਂ ਮਿਲੀਆਂ, ਜਿਸ ਨਾਲ ਟੀਮ ਦੇ ਅੰਦਰ ਡਰ ਅਤੇ ਅਣਸ਼ਚਿਤਤਾ ਦਾ ਮਾਹੌਲ ਬਣ ਗਿਆ।

ਜਾਣਕਾਰੀ ਮੁਤਾਬਿਕ ਕੈਨੇਡਾ ਦੀ ਇੱਕ ਪ੍ਰਮੁੱਖ ਖ਼ਬਰ ਸੇਵਾ ਨੇ ਆਪਣੀ ਰਿਪੋਰਟ ਵਿੱਚ ਦਰਸਾਇਆ ਕਿ ਟੀਮ ਦੇ ਅੰਦਰ ਮਾਹੌਲ ਕਾਫ਼ੀ ਤਣਾਅਪੂਰਨ ਸੀ ਅਤੇ ਕੁਝ ਖਿਡਾਰੀਆਂ ਨੇ ਆਪਣੀ ਸੁਰੱਖਿਆ ‘ਤੇ ਵੀ ਸਵਾਲ ਉਠਾਏ। ਇੱਕ ਖਿਡਾਰੀ ਵੱਲੋਂ ਤਾਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਵੀ ਲਿਆ ਗਿਆ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ। ਇਸ ਦੌਰਾਨ ਕਿਹਾ ਗਿਆ ਕਿ ਟੀਮ ਪ੍ਰਬੰਧਨ ‘ਤੇ ਮਨੋਵਿਗਿਆਨਕ ਦਬਾਅ ਬਣਾਇਆ ਗਿਆ ਅਤੇ ਅਖ਼ੀਰਕਾਰ ਬਾਜਵਾ ਨੂੰ ਕਪਤਾਨ ਨਿਯੁਕਤ ਕਰ ਦਿੱਤਾ ਗਿਆ।

ਇਸਦੇ ਨਾਲ ਹੀ ਦਿਲਪ੍ਰੀਤ ਸਿੰਘ ਬਾਜਵਾ ਖ਼ਿਲਾਫ਼ ਮੈਚ ਫਿਕਸਿੰਗ ਸਬੰਧੀ ਜਾਂਚ ਵੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇੱਕ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ ਫਰਵਰੀ 2026 ਵਿੱਚ ਇੱਕ ਅਹਿਮ ਮੈਚ ਦੌਰਾਨ ਉਨ੍ਹਾਂ ਵੱਲੋਂ ਸੁੱਟੀ ਗਈ ਇੱਕ ਸ਼ੱਕੀ ਗੇਂਦ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ ਹੁਣ ਵੀ ਜਾਰੀ ਹੈ ਅਤੇ ਇਸਦੇ ਨਤੀਜੇ ਸਾਹਮਣੇ ਆਉਣ ਬਾਕੀ ਹਨ।

ਮਾਮਲੇ ਨੂੰ ਹੋਰ ਗੰਭੀਰ ਬਣਾਉਂਦਿਆਂ ਟੀਮ ਦੇ ਸਾਬਕਾ ਕੋਚ ਖੁਰਮ ਚੌਹਾਨ ਨੇ ਦਾਅਵਾ ਕੀਤਾ ਕਿ ਬਾਜਵਾ ਖ਼ਿਲਾਫ਼ ਬੋਲਣ ਤੋਂ ਬਾਅਦ ਉਨ੍ਹਾਂ ਦੇ ਘਰ ‘ਤੇ ਦੋ ਵਾਰ ਗੋਲੀਆਂ ਚਲਾਈਆਂ ਗਈਆਂ। ਇਹ ਦਾਅਵੇ ਸੁਰੱਖਿਆ ਅਤੇ ਖੇਡ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ। ਦਿਲਪ੍ਰੀਤ ਸਿੰਘ ਬਾਜਵਾ, ਜੋ ਪੰਜਾਬ ਦੇ ਬਟਾਲਾ ਨਾਲ ਸੰਬੰਧਤ ਹਨ ਅਤੇ 2020 ਵਿੱਚ ਕੈਨੇਡਾ ਗਏ ਸਨ, ਇਸ ਵੇਲੇ ਕਾਨੂੰਨੀ ਅਤੇ ਖੇਡ ਸੰਬੰਧੀ ਜਾਂਚਾਂ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਕੋਈ ਵੀ ਦੋਸ਼ ਅਧਿਕਾਰਿਕ ਤੌਰ ‘ਤੇ ਸਾਬਤ ਨਹੀਂ ਹੋਇਆ, ਪਰ ਇਹ ਵਿਵਾਦ ਕੈਨੇਡਾ ਦੀ ਕ੍ਰਿਕਟ ਟੀਮ ਦੀ ਛਵੀ ‘ਤੇ ਅਸਰ ਪਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *