ਗੁਰਪ੍ਰੀਤ ਸਿੰਘ :- ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸੰਯੁਕਤ ਨਿਰਦੇਸ਼ਕ (Joint Director) ਸਵਪਨ ਬੋਸ ਦਾ ਸੋਮਵਾਰ, 6 ਅਕਤੂਬਰ 2026 ਨੂੰ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹਨਾਂ ਦੇ ਅਚਾਨਕ ਦਿਹਾਂਤ ਨਾਲ ਜਾਂਚ ਏਜੰਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਨੁਸਾਰ, ਸਵਪਨ ਬੋਸ ਨੇ ਲਗਭਗ 33 ਸਾਲਾਂ ਤੱਕ ED ਵਿੱਚ ਸੇਵਾ ਨਿਭਾਈ। ਆਪਣੇ ਲੰਬੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸੰਸਥਾ ਦੇ ਅੰਦਰ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲੀਆਂ ਅਤੇ ਵੱਖ-ਵੱਖ ਫਰਜ਼ ਨਿਭਾਏ। ਈ ਡੀ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਸਵਪਨ ਬੋਸ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਸੋਗ ਸੰਦੇਸ਼ ਵਿੱਚ ਸਵਪਨ ਬੋਸ ਦੇ ਪ੍ਰਸ਼ਾਸਨਿਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ, “ਬੋਸ ਨੇ ਆਪਣੇ 33 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਅਸਾਧਾਰਨ ਪੇਸ਼ੇਵਰ ਯੋਗਤਾ, ਸੰਸਥਾਗਤ ਵਚਨਬੱਧਤਾ ਅਤੇ ਅਟੁੱਟ ਨਿਸ਼ਠਾ ਨਾਲ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਦੀ ਅਗਵਾਈ ਕੀਤੀ। ਉਹ ਇੱਕ ਸਮਰੱਥ, ਇਮਾਨਦਾਰ ਅਤੇ ਡਿਊਟੀ ਪ੍ਰਤੀ ਸਮਰਪਿਤ ਅਧਿਕਾਰੀ ਸਨ। ਉਹਨਾਂ ਦਾ ਚਲੇ ਜਾਣਾ ਏਜੰਸੀ ਅਤੇ ਜਨਤਕ ਸੇਵਾ ਖੇਤਰ ਲਈ ਇੱਕ ਵੱਡਾ ਘਾਟਾ ਹੈ।”
ਏਜੰਸੀ ਨੇ ਕਿਹਾ ਕਿ ਦੁੱਖ ਦੀ ਇਸ ਔਖੀ ਘੜੀ ਵਿੱਚ, ‘ਇਨਫੋਰਸਮੈਂਟ ਡਾਇਰੈਕਟੋਰੇਟ’ ਸਵਪਨ ਬੋਸ ਦੇ ਸੋਗ-ਗ੍ਰਸਤ ਪਰਿਵਾਰ, ਰਿਸ਼ਤੇਦਾਰਾਂ ਅਤੇ ਸਾਥੀਆਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ।
