ਨੈਸ਼ਨਲ ਟਾਈਮਜ਼ ਬਿਊਰੋ :- ਡੰਕੀ ਰੂਟ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਪੰਜਾਬ ਤੇ ਹਰਿਆਣਾ ਦੇ ਟ੍ਰੈਵਲ ਏਜੰਟਾਂ ਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਮਨੀ ਲਾਂਡਰਿੰਗ ਦੇ ਖ਼ਦਸ਼ੇ ਦੇ ਕਾਰਨ ਈਡੀ ਦੇ ਜਲੰਧਰ ਸਥਿਤ ਜ਼ੋਨਲ ਦਫ਼ਤਰ ਤੋਂ ਵੱਖ-ਵੱਖ ਟੀਮਾਂ ਨੇ ਬੁੱਧਵਾਰ ਨੂੰ ਇਕੱਠਿਆਂ ਪੰਜਾਬ ਤੇ ਹਰਿਆਣਾ ਵਿਚ 11 ਜਗ੍ਹਾ ਛਾਪੇ ਮਾਰੇ। ਪੰਜਾਬ ਵਿਚ ਤਰਨਤਾਰਨ, ਮੋਗਾ, ਅੰਮ੍ਰਿਤਸਰ, ਸੰਗਰੂਰ ਤੇ ਪਟਿਆਲਾ ਅਤੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਤੇ ਕਰਨਾਲ ਵਿਚ ਟੀਮਾਂ ਨੇ ਸਵੇਰੇ ਸਾਢੇ ਚਾਰ ਤੋਂ ਪੰਜ ਵਜੇ ਜਾਂਚ ਸ਼ੁਰੂ ਕੀਤੀ। ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਤੇ ਇਕ ਟ੍ਰੈਵਲ ਏਜੰਟ ਅਤੇ ਮੋਗਾ ਵਿਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਗਰੁੱਪ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੇ ਘਰ ਦੇਰ ਰਾਤ ਤੱਕ ਈਡੀ ਦੀ ਜਾਂਚ ਜਾਰੀ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੇ ਟ੍ਰੈਵਲ ਏਜੰਟਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲੇ ਭੋਲੇ-ਬਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਨ੍ਹਾਂ ਤੋਂ 40 ਤੋਂ 50 ਲੱਖ ਰੁਪਏ ਵੱਖ-ਵੱਖ ਮਾਧਿਅਮਾਂ ਰਾਹੀਂ ਵਸੂਲ ਕੀਤੇ ਸਨ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਸਿੱਧੇ ਅਮਰੀਕਾ ਭੇਜਣ ਦੀ ਬਜਾਏ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਅਮਰੀਕਾ ਦੇ ਬਾਰਡਰ ਤੱਕ ਪਹੁੰਚਾਇਆ ਅਤੇ ਉੱਥੋਂ ਉਨ੍ਹਾਂ ਨੂੰ ਅਮਰੀਕਾ ਦੀ ਸਰਹੱਦ ਵਿਚ ਦਾਖ਼ਲ ਕਰਵਾਇਆ। ਅਮਰੀਕੀ ਸਰਹੱਦ ਵਿਚ ਵੜਦੇ ਹੀ ਇਨ੍ਹਾਂ ਲੋਕਾਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਇਸ ਸਾਲ ਫਰਵਰੀ ਵਿਚ ਡਿਪੋਰਟ ਕਰ ਦਿੱਤਾ।
ਏਜੰਟਾਂ ਦੇ ਝਾਂਸੇ ਵਿਚ ਆ ਕੇ ਆਪਣਾ ਸਭ ਕੁਝ ਗਵਾਉਣ ਵਾਲੇ ਪੀੜਤਾਂ ਨੇ ਉਨ੍ਹਾਂ ਖ਼ਿਲਾਫ਼ ਪੰਜਾਬ ਤੇ ਹਰਿਆਣਾ ਵਿਚ ਲਗਪਗ 17 ਕੇਸ ਦਰਜ ਕਰਵਾਏ ਸਨ। ਕੇਸ ਦਰਜ ਹੋਣ ਤੋਂ ਬਾਅਦ ਇਨ੍ਹਾਂ ਏਜੰਟਾਂ ’ਤੇ ਹੁਣ ਈਡੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ। ਬੁੱਧਵਾਰ ਨੂੰ 11 ਥਾਵਾਂ ’ਤੇ ਪਏ ਛਾਪਿਆਂ ਦੌਰਾਨ ਅਧਿਕਾਰੀਆਂ ਨੂੰ ਕਈ ਅਹਿਮ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਨਾਜਾਇਜ਼ ਇਮੀਗ੍ਰੇਸ਼ਨ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਜਾਂਚ ਲਗਾਤਾਰ ਜਾਰੀ ਰਹੇਗੀ।