ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਕੁਝ ਜ਼ਮੀਨ ਗੜਿਆਂ ਯਾਨੀ ਕੂੜਾ ਸੁੱਟਣ ਲਈ ਪਿੰਡ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਅਜਿਹੀ ਹੀ ਪਿੰਡ ਤਿੱਬੜ ਦੀ ਦੋ ਮਰਲੇ ਕੂੜਾ ਸੁੱਟਣ ਵਾਲੀ ਜਗ੍ਹਾ ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਤੇ ਪਿੰਡ ਤਿੱਬੜ ਦੇ ਵਿਅਕਤੀ ਡੇਵਿਡ ਮਸੀਹ ਨੂੰ ਪੁਲਿਸ ਵੱਲੋਂ 20 ਜਨਵਰੀ ਨੂੰ ਕਬਜ਼ਾ ਦਿਵਾਇਆ ਗਿਆ ਸੀ।
ਉਸ ਵੇਲੇ ਪੁਲਿਸ ਦੀ ਸਹਾਇਤਾ ਨਾਲ ਜੇਸੀਬੀ ਮੰਗਵਾ ਕੇ ਜਗ੍ਹਾ ਉਤੇ ਕੀਤੀ ਗਈ ਉਸਾਰੀ ਵੀ ਢਾਹ ਦਿੱਤੀ ਗਈ ਸੀ ਪਰ ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜ਼ਮੀਨ ਉਤੇ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪਿੰਡ ਦੇ ਕੁਝ ਵਿਅਕਤੀ ਜਿਨ੍ਹਾਂ ਵਿੱਚ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਵੀ ਸ਼ਾਮਿਲ ਸੀ, ਮੌਕੇ ਉਤੇ ਪਹੁੰਚ ਗਏ। ਡੇਵਿਡ ਮਸੀਹ ਦੇ ਪਰਿਵਾਰ ਦਾ ਦੋਸ਼ ਹੈ ਕਿ ਇਹ ਲੋਕ ਇਸ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ।
ਇਸ ਦੌਰਾਨ ਧੱਕਾ ਮੁੱਕੀ ਹੋਈ ਅਤੇ ਧੱਕਾ ਮੁੱਕੀ ਦੌਰਾਨ ਡੇਵੀਡ ਮਸੀਹ ਉਮਰ 60 ਸਾਲ ਦੀ ਮੌਤ ਹੋ ਗਈ। ਹਾਲਾਂਕਿ ਇਹ ਖੁਲਾਸਾ ਪੋਸਟਮਾਟਮ ਦੀ ਰਿਪੋਰਟ ਤੋਂ ਬਾਅਦ ਹੋਏਗਾ ਕਿ ਡੇਵਿਡ ਮਸੀਹ ਦੀ ਮੌਤ ਧੱਕਾ ਮੁੱਕੀ ਦੌਰਾਨ ਸੱਟਾਂ ਲੱਗਣ ਨਾਲ ਹੋਈ ਹੈ ਜਾਂ ਫਿਰ ਉਸ ਨੂੰ ਹਾਰਟ ਅਟੈਕ ਆਇਆ ਹੈ ਪਰ ਹਾਲ ਫਿਲਹਾਲ ਪੁਲਿਸ ਵੱਲੋਂ ਮੌਜੂਦਾ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਸੁਰਿੰਦਰ ਕੁਮਾਰ ਉਰਫ ਕਾਲੂ ਸਮੇਤ ਪਿੰਡ ਦੇ ਹੀ ਕੁੱਲ 9 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਨ੍ਹਾਂ ਧਾਰਾਵਾਂ ਵਿੱਚ ਬਦਲਾਅ ਹੋ ਸਕਦਾ ਹੈ। ਮ੍ਰਿਤਕ ਡੇਵਿਡ ਮਸੀਹ ਦੇ ਪੁੱਤਰ ਸਚਿਨ ਮਸੀਹ ਅਤੇ ਉਸ ਦੀ ਰਿਸ਼ਤੇਦਾਰ ਬਸ਼ੀਰਾ ਦਾ ਦੋਸ਼ ਹੈ ਕਿ ਮੌਜੂਦਾ ਸਰਪੰਚਣੀ ਦਾ ਪਤੀ ਅਤੇ ਬਾਕੀ ਲੋਕ ਡੰਡਿਆਂ ਤੇ ਕਹੀਆਂ ਲੈ ਕੇ ਮੌਕੇ ਉਤੇ ਪਹੁੰਚੇ ਸਨ ਅਤੇ ਉਨਾਂ ਦਾ ਇਰਾਦਾ ਹੱਤਿਆ ਕਰਨ ਦਾ ਹੀ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਧੱਕਾ ਮੁੱਕੀ ਦੌਰਾਨ ਹੀ ਡੇਵੀਡ ਮਸੀਹ ਦੀ ਛਾਤੀ ਉਤੇ ਮੁੱਕੇ ਮਾਰੇ ਗਏ ਸਨ ਜਿਸ ਕਾਰਨ ਉਹ ਜ਼ਮੀਨ ਉਤੇ ਡਿੱਗ ਗਿਆ ਸੀ ਅਤੇ ਇਹੋ ਉਸ ਦੀ ਮੌਤ ਦਾ ਕਾਰਨ ਬਣਿਆ ਹੈ।
ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਧਰ ਪੁਲਿਸ ਅਧਿਕਾਰੀ ਤਿਬੜ ਥਾਣੇ ਦੀ ਐਸਐਚਓ ਕਿਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਦਰਜ ਕਰਕੇ ਅਗਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲੇ ਦੇ ਸੱਤ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਦਕਿ ਦੋ ਅਣਪਛਾਤੇ ਵੀ ਐਫਆਈਆਰ ਵਿੱਚ ਸ਼ਾਮਿਲ ਕੀਤੇ ਗਏ ਹਨ।
Tags
