ਨੈਸ਼ਨਲ ਟਾਈਮਜ਼ ਬਿਊਰੋ :- ਬੀਤੀ ਦੇਰ ਰਾਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਪਿੰਡ ਮੋਹਲੋਵਾਲੀ ਵਿੱਚ ਇੱਕ 75 ਸਾਲਾ ਬਜ਼ੁਰਗ ਦੇ ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਬਜ਼ੁਰਗ ਦੀ ਦੇਹ ਲੱਭਣ ਲਈ ਐਨਡੀਆਰਐਫ ਟੀਮਾਂ ਬੁਲਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਕਰੀਬ ਚਾਰ ਘੰਟੇ ਵੱਡੀ ਮੁਸ਼ੱਕਤ ਕਰਨ ਤੋਂ ਬਾਅਦ ਬਜ਼ੁਰਗ ਦੀ ਲਾਸ਼ ਨਾਲ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਧਰ ਮੌਕੇ ਉਤੇ ਪਹੁੰਚੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਰੀਆਂ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਦੀ ਨੂੰਹ ਰਾਜ ਅਤੇ ਭਾਣਜੇ ਸੈਮੂਅਲ ਮਸੀਹ ਨੇ ਦੱਸਿਆ ਬਜ਼ੁਰਗ ਗੁਰਮੇਲ ਸਿੰਘ ਪੁੱਤਰ ਦੌਲਤ ਰਾਮ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਕਰੀਬ 8 ਵਜੇ ਸ਼ਰਾਬ ਦਾ ਲਾਲਚ ਦੇ ਕੇ ਛੱਪੜ ਪਾਰ ਕਰਨ ਲਈ ਕਿਹਾ ਗਿਆ ਤੇ ਜਿਨ੍ਹਾਂ ਦੇ ਕਹਿਣ ਉਤੇ ਬਜ਼ੁਰਗ ਨੇ ਛੱਪੜ ਵਿੱਚ ਛਾਲ ਮਾਰ ਦਿੱਤੀ ਤੇ ਜਿਸ ਦੌਰਾਨ ਛੱਪੜ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਬਜ਼ੁਰਗ ਡੁੱਬ ਗਿਆ ਤੇ ਉਕਤ ਲੋਕ ਮੌਕੇ ਤੋਂ ਫਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਤੁਰੰਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਕਾਫੀ ਸਮਾਂ ਭਾਲ ਕਰਨ ਤੋਂ ਬਾਅਦ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਰਾਬ ਦਾ ਲਾਲਚ ਦੇਣ ਵਾਲੇ ਉਕਤ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ।
