ਢਕੋਲੀ ਦੇ ਗ੍ਰੀਨ ਸਿਟੀ ਵਿੱਚ ਬਜ਼ੁਰਗ ਔਰਤ ‘ਤੇ ਹਮਲਾ: ਸੀਸੀਟੀਵੀ ਫੁਟੇਜ ਵਾਇਰਲ, ਮਾਮਲਾ ਦਰਜ


ਜ਼ੀਰਕਪੁਰ, 21 ਅਪ੍ਰੈਲ-ਬੀਤੇ ਦਿਨੀ ਜ਼ੀਰਕਪੁਰ ਦੇ ਢਕੋਲੀ ਥਾਣਾ ਖੇਤਰ ਦੇ ਗ੍ਰੀਨ ਸਿਟੀ ਇਲਾਕੇ ਵਿੱਚ, ਇੱਕ ਬਜ਼ੁਰਗ ਔਰਤ ‘ਤੇ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਹਮਲਾ ਕਰ ਗੰਭੀਰ ਫੱਟੜ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਇਸ ਘਟਨਾ ਨੇ ਸਥਾਨਕ ਵਸਨੀਕਾਂ ਵਿਚ ਰੋਸ਼ ਪੈਦਾ ਕਰ ਦਿੱਤਾ ਹੈ। ਪੀੜਤ, ਜਿਸਦੀ ਪਛਾਣ ਸਰੋਜ ਅਰੋੜਾ (60) ਵਾਸੀ ਮਕਾਨ ਨੰਬਰ 166 ਡੀ ਗ੍ਰੀਨ ਸਿਟੀ ਵਜੋਂ ਹੋਈ ਹੈ, ਨੇ ਪੁਲਿਸ ਕੋਲ ਦੋਸ਼ੀ ਧੀਰਜ ਭਾਟੀਆ, ਜੋ ਕਿ ਗ੍ਰੀਨ ਸਿਟੀ ਦਾ ਹੀ ਵਸਨੀਕ ਹੈ ਅਤੇ ਉਨ੍ਹਾਂ ਦਾ ਗੁਆਂਢੀ ਹੈ, ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਐਸਐਚਓ ਢਕੋਲੀ ਟ੍ਰੇਨੀ ਡੀਐਸਪੀ ਪ੍ਰੀਤ ਕੇਵਲ ਸਿੰਘ ਦੇ ਅਨੁਸਾਰ, ਜ਼ਖਮੀ ਬਜ਼ੁਰਗ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਧੀਰਜ ਭਾਟੀਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਦਮੀ ਬਿਨਾਂ ਕਿਸੇ ਗੱਲ ਦੇ ਤੈਸ਼ ਵਿੱਚ ਆ ਕੇ ਬਜ਼ੁਰਗ ਔਰਤ ‘ਤੇ ਹਮਲਾ ਕਰ ਰਿਹਾ ਹੈ ਜਿਸ ਕਾਰਨ ਬਜੁਰਗ ਔਰਤ ਥੱਲੇ ਡਿੱਗ ਪਈ। ਹਮਲੇ ਵਿੱਚ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਬਜ਼ੁਰਗ ਔਰਤ ਦਾ ਇਸ ਸਮੇਂ ਢਕੋਲੀ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।

By Gurpreet Singh

Leave a Reply

Your email address will not be published. Required fields are marked *