ਫਗਵਾੜਾ ‘ਚ ਫਿਲਮੀ ਅੰਦਾਜ਼ ਵਿੱਚ ਲੁੱਟ;ਪਿਸਤੌਲ ਦਿਖਾ ਕੇ ਫੇਰੀ ਵਾਲੇ ਤੋਂ 12 ਹਜ਼ਾਰ ਲੁੱਟੇ

ਗੁਰਪ੍ਰੀਤ ਸਿੰਘ :- ਫਗਵਾੜਾ ਵਿੱਚ ਦਿਨ ਦਿਹਾੜੇ ਵਾਪਰੀ ਇੱਕ ਲੁੱਟ ਦੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਫੇਰੀ ਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਲੁਟੇਰੇ ਨੇ ਪਿਸਤੌਲ ਦਿਖਾ ਕੇ ਕਰੀਬ 12 ਹਜ਼ਾਰ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੌਰਾਨ ਜਦੋਂ ਲੁਟੇਰਾ ਭੱਜਣ ਲੱਗਾ ਤਾਂ ਇੱਕ ਹਿੰਮਤੀ ਨੌਜਵਾਨ ਨੇ ਫਿਲਮੀ ਅੰਦਾਜ਼ ਵਿੱਚ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੀ ਗੱਡੀ ਸੜਕ ਉਤੇ ਹੀ ਛੱਡ ਦਿੱਤੀ ਅਤੇ ਖੇਤਾਂ ਦੇ ਰਸਤੇ ਦੌੜਦਾ ਹੋਇਆ ਲੁਟੇਰੇ ਦੇ ਪਿੱਛੇ ਲੱਗ ਗਿਆ। ਕੁਝ ਸਮੇਂ ਤੱਕ ਦੋਹਾਂ ਵਿਚਕਾਰ ਦੌੜ ਭੱਜ ਵੀ ਹੋਈ, ਜਿਸ ਨਾਲ ਮੌਕੇ ਉਤੇ ਹੜਕੰਪ ਮਚ ਗਿਆ। ਨੌਜਵਾਨ ਨੂੰ ਆਪਣੇ ਪਿੱਛੇ ਆਉਂਦਾ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਆਪਣਾ ਬਾਈਕ ਮੌਕੇ ਉਤੇ ਹੀ ਛੱਡ ਕੇ ਖੇਤਾਂ ਵੱਲ ਭੱਜ ਗਿਆ। ਇਸ ਦੌਰਾਨ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ਉਤੇ ਪੁਲਿਸ ਵੱਲੋਂ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਉਤੇ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ਉਤੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਹਿੰਮਤ ਦਿਖਾਉਣ ਵਾਲੇ ਨੌਜਵਾਨ ਦੀ ਭਰਪੂਰ ਸਰਾਹਨਾ ਕਰ ਰਹੇ ਹਨ।

By Gurpreet Singh

Leave a Reply

Your email address will not be published. Required fields are marked *