ਟਾਂਡਾ ਉੜਮੁੜ – ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਟਾਂਡਾ ਪੁਲਸ ਵੱਲੋਂ ਨਸ਼ਿਆਂ ਅਤੇ ਅਪਰਾਧਿਕ ਅੰਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਟਾਂਡਾ ਪੁਲਸ ਨੇ ਬੇਟ ਖੇਤਰ ਅਧੀਨ ਪੈਂਦੇ ਟਾਹਲੀ ਧੁਸੀ ਬੰਨ੍ਹ ਤੇ ਦੋ ਨਸ਼ਾ ਤਸਕਰਾਂ ਨਾਲ ਐਨਕਾਊਂਟਰ ਕੀਤਾ।
ਜਾਣਕਾਰੀ ਮੁਤਾਬਿਕ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਅਤੇ ਚੌਂਕੀ ਇੰਚਾਰਜ ਬਸਤੀ ਬੋਹੜ ਰਾਜੇਸ਼ ਕੁਮਾਰ ਟਾਂਡਾ ਸ੍ਰੀ ਹਰਗੋਬਿੰਦਪੁਰ ਸੜਕ ‘ਤੇ ਧੁਸੀ ਬੰਨ੍ਹ ਨਜ਼ਦੀਕ ਰਸ਼ਤ ‘ਤੇ ਸਨ ਕਿ ਮੋਟਰਸਾਈਕਲ ਸਵਾਰ ਆ ਰਹੇ ਦੋ ਵਿਅਕਤੀਆਂ ਨੂੰ ਟਾਂਡਾ ਪੁਲਸ ਨੇ ਰੋਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਉਹ ਨਾ ਰੁਕੇ ਅਤੇ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਟਾਹਲੀ ਧੁੱਸੀ ਬੰਨ੍ਹ ‘ਤੇ ਪਾ ਲਿਆ ਤੇ ਪੁਲਸ ਨੇ ਪਿੱਛਾ ਕਰਦੇ ਹੋਏ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਉਨ੍ਹਾਂ ਨੇ ਪੁਲਸ ‘ਤੇ ਫਾਇਰਿੰਗ ਕਰ ਦਿੱਤੀ। ਜਵਾਬ ਵਿੱਚ ਐੱਸ.ਐੱਚ.ਓ , ਟਾਂਡਾ ਗੁਰਜਿੰਦਰ ਸਿੰਘ ਜੀ ਸਿੰਘ ਨਾਗਰਾ ਪੁਲਸ ਟੀਮ ਨੇ ਵੀ ਫਾਇਰ ਕੀਤੇ ਜਿਸ ਦੌਰਾਨ ਲੁਟੇਰਿਆਂ ‘ਚ ਸ਼ਾਮਿਲ ਸਾਹਿਲ ਪੁੱਤਰ ਸ਼ਾਲੂ ਸੁਲਤਾਨ ਵਿੰਡ ਰੋਡ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਾਇਆ ਗਿਆ। ਇਸੇ ਤਰ੍ਹਾਂ ਹੀ ਪੁਲਸ ਨੇ ਕਾਫੀ ਜਦੋ ਜਹਿਦ ਉਪਰੰਤ ਦੂਸਰੇ ਲੁਟੇਰੇ ਜਗਦੀਸ਼ ਉਰਫ ਹੀਰਾ ਵਾਸੀ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਲੁਟੇਰਿਆਂ ਪਾਸੋਂ ਪੁਲਸ ਨੇ 70 ਗ੍ਰਾਮ ਹੈਰੋਇਨ ਤੇ 15,600 ਡਰੱਗ ਮਨੀ ਦੇ ਪੈਸੇ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਉਕਤ ਦੋਨੋਂ ਲੁਟੇਰੇ ਹਿਸਟਰੀ ਸ਼ੀਟਰ ਹਨ ਅਤੇ ਇਨ੍ਹਾਂ ਉੱਪਰ ਅਪਰਾਧਿਕ ਘਟਨਾਵਾਂ ਦੇ ਕਈ ਮਾਮਲੇ ਦਰਜ ਹਨ। ਇਸ ਸਬੰਧੀ ਹੋਰ ਬੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਤੇ ਡੀਐਸਪੀ ਟਾਂਡਾ ਤੋਂ ਇਲਾਵਾ ਜ਼ਿਲਾ ਪੁਲਸ ਮੁਖੀ ਸੰਦੀਪ ਮਲਿਕ ਵੀ ਪਹੁੰਚ ਰਹੇ ਹਨ।