ਹਿਰਾਸਤ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਸਪਤਾਲ ਤੋਂ ਪਹਿਲੀ ਤਸਵੀਰ ਆਈ ਸਾਹਮਣੇ, ਡੱਲੇਵਾਲ ਨੇ 9 ਦਿਨਾਂ ਬਾਅਦ ਪੀਤਾ ਪਾਣੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ ਤੇ ਹੋਰ ਕਿਸਾਨ ਆਗੂਆਂ ਨੂੰ 8 ਦਿਨਾਂ ਨਜ਼ਰਬੰਦੀ ਤੋਂ ਬਾਅਦ ਵਿਅਹਰ ਰਾਤ ਪਟਿਆਲਾ ਅਤੇ ਮੁਕਤਸਰ ਜੇਲ੍ਹਾਂ ਤੋਂ ਰਿਹਾਅ ਕਰ ਦਿੱਤਾ। ਜਦਕਿ, ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਹਾਲੇ ਵੀ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਹਨ। ਪੁਲਿਸ ਨੇ ਦੱਸਿਆ ਕਿ ਉਹ ਹਿਰਾਸਤ ‘ਚ ਨਹੀਂ ਹਨ, ਪਰ ਕਿਸਾਨ ਆਗੂਆਂ ਨੇ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਚਿੰਤਾ ਜਤਾਈ ਹੈ। ਅਭਿਮਨਿਊ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਦੀ ਤਬੀਅਤ ਬਹੁਤ ਗੰਭੀਰ ਹੈ। ਉਨ੍ਹਾਂ ਨੇ 19 ਮਾਰਚ ਤੋਂ ਬਾਅਦ ਪਾਣੀ ਦੀ ਇੱਕ ਬੂੰਦ ਵੀ ਨਹੀਂ ਪੀਤੀ ਅਤੇ ਹੁਣ ਗੱਲ ਵੀ ਨਹੀਂ ਕਰ ਰਹੇ। ਹਸਪਤਾਲ ‘ਚ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਕਿਸਾਨ ਆਗੂ ਉਨ੍ਹਾਂ ਦੀ ਖੈਰ-ਖ਼ਬਰ ਲੈ ਰਹੇ ਹਨ।

ਜੇਲ੍ਹ ਤੋਂ ਬਾਹਰ ਆਉਣ ਉੱਪਰੰਤ, ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਉਹ ਬਹਾਦਰਗੜ੍ਹ ਕਿਲ੍ਹੇ ਜਾ ਕੇ ਆਪਣੇ ਸਾਥੀਆਂ ਨਾਲ ਅਗਲੇ ਪਗ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਨੇ ਸਰਕਾਰ ਵਲੋਂ ਖਨੌਰੀ ਤੇ ਸ਼ੰਭੂ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਨਿੰਦਨਾ ਕੀਤੀ। ਉੱਧਰ, SKM ਨੇ ਕਿਸਾਨ ਆਗੂਆਂ ਦੀ ਹਿਰਾਸਤ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। 11 ਵਜੇ ਤੋਂ 3 ਵਜੇ ਤੱਕ ਕਿਸਾਨ ਕੇਂਦਰ ਸਰਕਾਰ ਅਤੇ ਰਾਸ਼ਟਰਪਤੀ ਦੇ ਨਾਮ ਮੰਗ-ਪੱਤਰ ਸੌਂਪਣਗੇ। 31 ਮਾਰਚ ਨੂੰ ਵੱਡਾ ਐਕਸ਼ਨ ਲਿਆ ਜਾਵੇਗਾ, ਜਿਸ ਅੰਦਰ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਸਾਰੇ ਆਗੂਆਂ ਨੂੰ ਰਿਹਾਅ ਕਰੇ ਅਤੇ ਜ਼ਬਤ ਕੀਤੀਆਂ ਟਰਾਲੀਆਂ ਦਾ ਮੁਆਵਜ਼ਾ ਦੇਵੇ। ਪੁਲਿਸ ਕਾਰਵਾਈ ਤੋਂ ਬਾਅਦ, ਸ਼ੰਭੂ ਅਤੇ ਖਨੌਰੀ ਤੋਂ ਗੁੰਮ ਹੋਈਆਂ ਟਰਾਲੀਆਂ ਦੀ ਰਿਕਵਰੀ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ, ਜੋ ਸਥਾਨਕ ਪ੍ਰਸ਼ਾਸਨ ਨਾਲ ਸਬੰਧ ਬਣਾਈ ਰੱਖੇਗੀ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ, ਸਗੋਂ ਮੰਗਾਂ ਪੂਰੀਆਂ ਹੋਣ ਤੱਕ ਇਹ ਲੜਾਈ ਜਾਰੀ ਰਹੇਗੀ।

ਏਡੀਜੀਪੀ ਜਸਕਰਨ ਸਿੰਘ, ਡੀ ਆਈ ਜੀ ਨਰਿੰਦਰ ਭਾਰਗਵ, ਡੀ ਐਸ ਪੀ ਹਰਜਿੰਦਰ ਸਿੰਘ ਗਿੱਲ, ਡੀਐਸਪੀ ਗੁਰਜੀਤ ਰੁਮਾਣਾ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਚ ਪਾਣੀ ਪਲਾ ਭੁੱਖ ਹੜਤਾਲ ਖਤਮ ਕਰਵਾਉਂਦੇ ਹੋਏ।

By Gurpreet Singh

Leave a Reply

Your email address will not be published. Required fields are marked *