ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਸ਼ੁੱਕਰਵਾਰ ਸ਼ਾਮ ਇਕ ਨੀਲ ਗਾਂ ਟਕਰਾ ਗਈ। ਇਸ ਘਟਨਾ ‘ਚ ਟਿਕੈਤ ਵਾਲ-ਵਾਲ ਬਚ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਟਿਕੈਤ ਅਨੁਸਾਰ ਉਨ੍ਹਾਂ ਦੀ ਗੱਡੀ ਮੀਰਾਪੁਰ ਬਾਈਪਾਸ ਰੋਡ ਕੋਲ ਸੀ, ਉਦੋਂ ਅਚਾਨਕ ਇਕ ਨੀਲ ਗਾਂ ਸਾਹਮਣੇ ਆਈ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਇਸ ਘਟਨਾ ‘ਚ ਉਹ ਵਾਲ-ਵਾਲ ਬਚ ਗਏ। ਸੂਚਨਾ ਮਿਲਣ ‘ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰੇਂਦਰ ਸਿੰਘ ਮਲਿਕ ਅਤੇ ਹੋਰ ਲੋਕਾਂ ਨੇ ਰਾਕੇਸ਼ ਟਿਕੈਤ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਪੁੱਛਿਆ
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ‘ਚ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ‘ਚ ਰਾਕੇਸ਼ ਟਿਕੈਤ ਨੇ ਕਿਹਾ ਕਿ ਨੀਲ ਗਾਂ ਗਲਤ ਦਿਸ਼ਾ ਤੋਂ ਆਈ ਅਤੇ ਵਾਹਨ ਨਾਲ ਟਕਰਾ ਗਈ। ਟਿਕੈਤ ਨੇ ਕਿਹਾ ਕਿ ਅਸੀਂ ਸੀਟ ਬੈਲਟ ਲਗਾਈ ਸੀ ਅਤੇ ਇਸ ਤੋਂ ਕਾਫ਼ੀ ਸੁਰੱਖਿਆ ਮਿਲੀ। ਸਾਰਿਆਂ ਨੂੰ ਸੀਟ ਬੈਲਟ ਲਗਾਉਣੀ ਚਾਹੀਦੀ ਹੈ। ਜੇਕਰ ਗੱਡੀ ਛੋਟੀ ਹੁੰਦੀ ਅਤੇ ਕੋਈ ਸੀਟ ਬੈਲਟ ਨਹੀਂ ਲਗਾਈ ਹੁੰਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਗਨਰ ਨੇ ਸੀਟ ਬੈਲਟ ਲਗਾਈ ਹੋਈ ਸੀ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੇ ਸਾਰਿਆਂ ਨੂੰ ਤੇਜ਼ ਗਤੀ ਨਾਲ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ।