ਪੰਜਾਬ ਵਾਸੀਆਂ ਨੂੰ ਗੁੰਮਰਾਹ ਨਾ ਕਰਨ ਕਿਸਾਨ ਤੇ ਅਕਾਲੀ: ਮੁੱਖ ਮੰਤਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਆਗੂਆਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਹਿੱਤਾਂ ਲਈ ਅਫਵਾਹਾਂ ਫੈਲਾ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਕਿਸਾਨ ਯੂਨੀਅਨਾਂ ’ਤੇ ਨਿਸ਼ਾਨੇ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਯੂਨੀਅਨਾਂ ਦਾ ਵਜੂਦ ਵੱਖੋ-ਵੱਖਰਾ ਹੈ ਕਿਉਂਕਿ ਯੂਨੀਅਨਾਂ ਦੇ ਲੀਡਰਾਂ ਨੇ ਕਿਸਾਨਾਂ ਦੇ ਹਿੱਤ ਬਚਾਉਣ ਦੇ ਨਾਮ ’ਤੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਲੀਡਰ ਗੈਰਕਾਨੂੰਨੀ ਢੰਗ ਨਾਲ ਸਰਮਾਇਆ ਇਕੱਠਾ ਕਰਕੇ ਵੱਡੀਆਂ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਅਤੇ ਇੱਥੋਂ ਤੱਕ ਕਿ ਇਨ੍ਹਾਂ ਦੀ ਸੂਬੇ ਦੇ ਕਈ ਹੋਟਲਾਂ ਤੇ ਹਸਪਤਾਲਾਂ ਵਿੱਚ ਵੀ ਹਿੱਸਾਪੱਤੀ ਹੈ। ਉਨ੍ਹਾਂ ਕਿਸਾਨ ਯੂਨੀਅਨਾਂ ਨੂੰ ਖੇਤੀ ਸੰਕਟ ਨਾਲ ਜੁੜੇ ਮਸਲਿਆਂ ’ਤੇ ਉਨ੍ਹਾਂ ਨਾਲ ਲਾਈਵ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ। ਮੁੱਖ ਮੰਤਰੀ ਨੇ ਬੀਬੀਐਮਬੀ ਅਤੇ ਹਰਿਆਣਾ ਨਾਲ ਪਾਣੀਆਂ ਦੇ ਮੁੱਦੇ ’ਤੇ ਕਿਸਾਨ ਯੂਨੀਅਨਾਂ ਵੱਲੋਂ ਚੁੱਪ ਸਾਧਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਨ੍ਹਾਂ ਦੇ ਕਿਸੇ ਵੀ ਲੀਡਰ ਨੇ ਇਕ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ ਹੈ। ਕਿਸਾਨ ਯੂਨੀਅਨਾਂ ਬੇਤੁਕੇ ਮਸਲਿਆਂ ’ਤੇ ਸੜਕਾਂ ਅਤੇ ਰੇਲਾਂ ਰੋਕ ਕੇ ਸਿਰਫ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ ਜਦਕਿ ਪੰਜਾਬ ਦੇ ਸੰਜੀਦਾ ਮੁੱਦਿਆਂ ਪ੍ਰਤੀ ਚੁੱਪ ਧਾਰ ਲੈਂਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਉਹ ਸਿਰਫ ਆਪਣੇ ਹਿੱਤ ਪੂਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਆਪਣੇ ਸਿਆਸੀ ਮੁਫਾਦ ਦੀ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਰਹੇ ਹਨ। ਅਕਾਲੀ ਸੌੜੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਆਪਣੇ ਰਾਜਨੀਤਕ ਹਿੱਤਾਂ ਅਨੁਸਾਰ ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।

ਬਾਦਲ ਤੇ ਮਜੀਠੀਆ ਦੀ ਆਪਸ ’ਚ ਬੋਲਬਾਣੀ ਬੰਦ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਦਲ-ਮਜੀਠੀਆ ਪਰਿਵਾਰ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਆਪਸ ਵਿੱਚ ਬੋਲਬਾਣੀ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਦਰਮਿਆਨ ਆਪਣੀ ਹਕੂਮਤ ਦੌਰਾਨ ਲੁੱਟ ਦੇ ਪੈਸੇ ਨਾਲ ਬਣਾਈ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਪਰਿਵਾਰਾਂ ਵਿੱਚ ਅਣਬਣ ਹੋ ਗਈ ਹੈ।

By Gurpreet Singh

Leave a Reply

Your email address will not be published. Required fields are marked *