ਸਵਾਲ ਕਰਨ ਪਹੁੰਚੇ ਕਿਸਾਨ ਮਜ਼ਦੂਰ ਪਰ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਵੀ ਭੱਜੇ ਸਵਾਲਾਂ ਤੋਂ!

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਜਿਲ੍ਹਾ ਅੰਮ੍ਰਿਤਸਰ ਵਿੱਚ ਲੋਪੋਕੇ ਨੇੜੇ ਪਿੰਡ ਟਪਿਆਲਾ ਦੇ ਸਕੂਲ ਵਿੱਚ ਉਦਘਾਟਨ ਕਰਨ ਦੇ ਤਹਿਸ਼ੁਦਾ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦੇ ਪ੍ਰੋਗਰਾਮ ਦੇ ਚਲਦੇ ਮੁੱਖ ਮੰਤਰੀ ਨਹੀਂ ਪਹੁੰਚੇ।

ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਿਵੇਂ ਪਿਛਲੇ 4 ਦਿਨਾਂ ਤੋਂ ਡੀਸੀ ਅੰਮ੍ਰਿਤਸਰ ਲਗਾਤਾਰ ਸਰਕਾਰੀ ਸਕੂਲ ਟਪਿਆਲਾ ਵਿੱਚ ਪ੍ਰੋਗਰਾਮ ਦੇ ਜਾਇਜੇ ਲਈ ਆ ਰਹੇ ਸੀ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸੀ ਐਮ ਨੂੰ ਤਿੱਖੇ ਸਵਾਲ ਨਾ ਕਰਨ ਲਈ ਹੈ ਹਦਾਇਤ ਜਾਰੀ ਕਰਦੇ ਹੋਏ ਤਿਆਰੀ ਕਰਵਾਈ ਜਾ ਰਹੀ ਸੀ, ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਗਤੀ ਫਲੈਕਸ ਬੋਰਡ ਲੱਗੇ ਹਨ ਅਤੇ ਮੀਡੀਆ ਵਿਚ ਸਾਫ ਦੱਸਿਆ ਗਿਆ ਸੀ ਕਿ ਸੀ ਐਮ ਟਪਿਆਲਾ ਪਹੁੰਚ ਰਹੇ ਹਨ, ਪਰ ਸਪਸਟ ਹੋ ਗਿਆ ਹੈ ਕਿ ਕਿਸਾਨਾਂ ਦੇ ਸਵਾਲਾਂ ਤੋਂ ਬਚਣ ਲਈ ਮੁੱਖ ਮੰਤਰੀ ਨੇ ਅਚਾਨਕ ਆਪਣਾ ਅਤੇ ਦਿੱਲੀ ਤੋਂ ਚੋਣ ਹਾਰ ਚੁੱਕੇ ਮਨੀਸ਼ ਸਿਸੋਦੀਆ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਅਤੇ ਸਿਰਫ ਸਿੱਖਿਆ ਮੰਤਰੀ ਹਰਜੋਤ ਬੈਂਸ ਹੀ ਪਹੁੰਚੇ।

ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਏ ਜਾਣ ਦੇ ਬਾਵਜੂਦ ਸਿੱਖਿਆ ਮੰਤਰੀ ਕਿਸਾਨਾਂ ਮਜਦੂਰਾਂ ਨੂੰ ਜਵਾਬ ਦੇਣ ਤੋਂ ਭੱਜ ਗਏ। ਇਸ ਮੌਕੇ ਪੁਲਿਸ ਫੋਰਸ ਵੱਲੋਂ ਸੜਕ ਤੇ ਰੋਕਾਂ ਲਾ ਕੇ ਰੋਕਿਆ ਗਿਆ ਅਤੇ ਕਿਸਾਨਾਂ ਮਜਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ । ਉਹਨਾਂ ਕਿਹਾ ਕਿ ਇਥੋਂ ਪ੍ਰੋਗਰਾਮ ਰੱਦ ਕਰਨ ਤੋਂ ਬਾਅਦ ਭਗਵੰਤ ਮਾਨ ਚੋਰੀ ਛਿਪੇ ਬਿਨਾਂ ਮੀਡੀਆ ਵਿੱਚ ਖਬਰ ਦਿੱਤੇ ਵੇਰਕਾ ਮਿਲਕ ਪਲਾਂਟ ਵਿੱਚ ਉਦਘਾਟਨ ਕਰਨ ਪਹੁੰਚੇ।

ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਅੱਜ ਦੋਗਲਾ ਚਿਹਰਾ ਇੱਕ ਵਾਰ ਫਿਰ ਤੋਂ ਬੇਨਕਾਬ ਹੋਇਆ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਸ਼ਰੇਆਮ ਕਹਿੰਦੇ ਸੁਣੇ ਜਾਂਦੇ ਸਨ ਕਿ ਲੀਡਰਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਜਿੱਥੇ ਸ਼ੰਭੂ ਅਤੇ ਖਨੌਰੀ ਮੋਰਚਾ ਉਹ ਖੇਡ ਕੇ ਮੋਦੀ ਦਾ ਹੱਥ ਠੋਕਾ ਹੋਣ ਦਾ ਸਬੂਤ ਦੇ ਦਿੱਤਾ ਹੈ ਉਥੇ ਅੱਜ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ ਤੇ ਸਵਾਲ ਪੁੱਛਣ ਦੇ ਲੋਕਤੰਤਰਿਕ ਅਧਿਕਾਰ ਦਾ ਵੀ ਘਾਣ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਫੇਲ ਹੋਏ ਮਾਡਲ ਨੂੰ ਚਾਹੇ ਉਹ ਸਿਹਤ ਸੇਵਾਵਾਂ ਵਿੱਚ ਹੋਵੇ ਜਾਂ ਸਿੱਖਿਆ ਖੇਤਰ ਦੇ ਵਿੱਚ ਹੋਵੇ ਲਿਸ਼ਕਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਉਦਘਾਟਨੀ ਸਮਾਰੋਹ ਕਰਨ ਦੇ ਉੱਤੇ ਕਰੋੜਾਂ ਨਹੀਂ ਅਰਬਾਂ ਰੁਪਏ ਉਜਾੜੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਇੱਕ ਸਰਵੇ ਅਨੁਸਾਰ ਪਿਛਲੇ ਸਾਲ ਅੱਠਵੀਂ ਦੇ 79.1% ਬੱਚੇ ਦੂਜੀ ਦੀ ਪੰਜਾਬੀ ਪੜ੍ਹ ਲੈਂਦੇ ਸਨ ਹੁਣ ਉਹ ਦਰ 72.2% ਰਹਿ ਗਈ, ਗਣਿਤ ਵਿੱਚ ਅੱਠਵੀਂ ਦੇ 62.5% ਬੱਚੇ ਤਿੰਨ ਅੰਕਾਂ ਨੂੰ ਇੱਕ ਅੰਕ ਨਾਲ ਭਾਗ ਕਰ ਲੈਂਦੇ ਸਨ ਹੁਣ ਇਹ ਦਰ ਘੱਟ ਕੇ 58% ਰਹਿ ਗਈ ਹੈ। ਖੇਡ ਦਾ ਸਮਾਨ 2022 ਵਿੱਚ 91.9% ਤੋਂ ਘਟ ਕੇ 2024 ਵਿੱਚ 89.3% ਕੋਲ ਰਹਿ ਗਿਆ ਤੇ ਪੀਣ ਦਾ ਪਾਣੀ 92.7% ਤੋਂ ਘੱਟਕੇ 88.6% ਸਕੂਲਾਂ ਕੋਲ ਰਹਿ ਗਿਆ ਹਹੈ। ਵਰਤੋਂ ਯੋਗ ਪਖਾਨੇ 84.1% ਤੋਂ ਘਟਕੇ 81.2%, ਲੜਕੀਆਂ ਲਈ ਪਖਾਨੇ 79.6% ਤੋਂ 77.0% ਰਹਿ ਗਏ ਹਨ। ਅਧਿਆਪਕ ਹਾਜ਼ਰੀ 85.7% ਤੋਂ ਘਟਕੇ 81.8%ਰਹਿ ਗਈ ਹੈ।

ਸਰਕਾਰੀ ਸਕੂਲਾਂ ਵਿੱਚ 30.9.2023 ਨੂੰ ਦਾਖਲ ਵਿਦਿਆਰਥੀ 24,49,233 ਸਨ, ਪਰ ਇਕ ਸਾਲ ਪਿੱਛੋਂ 30.9.2024 ਨੂੰ ਘਟਕੇ 23,58,355 ਰਹਿ ਗਏ ਹਨ। ਸਕੂਲਾਂ ਵਿੱਚ ਪ੍ਰਤੀ ਬੱਚਾ ਖ਼ਰਚਾ 60769 ਤੋਂ ਵੱਧ ਕੇ 66887 ਰੁਪਏ ਹੋ ਗਿਆ ਹੈ। ਸੈਕੰਡਰੀ ਸਕੂਲ ਵਿੱਚ ਪ੍ਰਤੀ ਬੱਚਾ ਖਰਚਾ 65750 ਤੋਂ ਵੱਧ ਕੇ 75065 ਰੁਪਏ ਹੋ ਗਿਆ ਹੈ, ਸੋ ਸਿੱਖਿਆ ਵਿਭਾਗ ਦਾ ਬੇਦਗਰਕ ਪਹਿਲੀਆਂ ਸਰਕਾਰਾਂ ਨਾਲੋ ਵੀ ਵੱਧ ਹੋਇਆ ਹੈ। ਉਹਨਾਂ ਕਿਹਾ ਕਿ ਅਗਰ ਇਸੇ ਤਰੀਕੇ ਨਾਲ ਸਰਕਾਰ ਦੇ ਮੰਤਰੀ, ਮੁੱਖ ਮੰਤਰੀ ਲੋਕਾਂ ਦੇ ਸਵਾਲਾਂ ਤੋਂ ਭੱਜਦੇ ਰਹਿਣਗੇ ਤਾਂ ਕਿਸਾਨ ਮਜ਼ਦੂਰ ਹਰ ਥਾਂ ਇਹਨਾਂ ਨੂੰ ਸਵਾਲ ਕਰਨ ਲਈ ਪਹੁੰਚਣਗੇ । ਇਸ ਮੌਕੇ ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਕਾਲੇ, ਗੁਰਦੇਵ ਸਿੰਘ ਗੱਗੋਮਾਹਲ, ਕੁਲਬੀਰ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਸੁਵਿੰਦਰ ਸਿੰਘ ਕੋਲੋਵਾਲ, ਸ਼ਰਨਪਾਲ ਸਿੰਘ ਬੱਚੀ ਪਿੰਡ, ਜਸਮੀਤ ਸਿੰਘ ਰਾਣੀਆਂ, ਗੁਰਦਾਸ ਸਿੰਘ ਵਿਛੋਆ, ਸੁਖਜਿੰਦਰ ਸਿੰਘ ਹਰੜ, ਪ੍ਰਭਜੋਤ ਸਿੰਘ ਗੁਜਰਪੁਰਾ, ਲਖਵਿੰਦਰ ਸਿੰਘ ਮੱਧੂ ਸ਼ਾਂਗਾ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਹੋਏ।

By Gurpreet Singh

Leave a Reply

Your email address will not be published. Required fields are marked *