ਗੁਰਪ੍ਰੀਤ ਸਿੰਘ :- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕ ਯਾਤਰਾ ਅੱਜ ਫਤਿਹਗੜ੍ਹ ਸਾਹਿਬ ਤੋਂ ਅਗਲੇ ਪੜਾਅ ਵੱਲ ਰਵਾਨਾ ਹੋ ਗਈ। ਇਹ ਯਾਤਰਾ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਪਠਾਨਕੋਟ ਪਹੁੰਚੇਗੀ ਅਤੇ ਉਥੇ ਰਾਤ ਰਹਾਇਸ਼ ਤੋਂ ਬਾਅਦ ਅਗਲੇ ਦਿਨ ਜੰਮੂ–ਕਸ਼ਮੀਰ ਵਿੱਚ ਦਾਖਲ ਹੋਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਯਾਤਰਾ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਸਰਕਾਰਾਂ ਨੂੰ ਕਿਸਾਨੀ ਮੁੱਦਿਆਂ ਵੱਲ ਧਿਆਨ ਦੇਣ ਲਈ ਮਜਬੂਰ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਹੁਣ ਤੱਕ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਵਿੱਚੋਂ ਗੁਜ਼ਰਦੀ ਹੋਈ ਪੰਜਾਬ ਵਿੱਚ ਪਹੁੰਚੀ ਹੈ ਅਤੇ 12 ਮਾਰਚ ਤੱਕ ਕਸ਼ਮੀਰ ਪਹੁੰਚ ਕੇ ਉਥੋਂ ਵਾਪਸੀ ਕਰੇਗੀ।
ਡੱਲੇਵਾਲ ਨੇ ਦੱਸਿਆ ਕਿ 19 ਮਾਰਚ ਨੂੰ ਦਿੱਲੀ ਵਿੱਚ ਇੱਕ ਵੱਡਾ ਕਿਸਾਨ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਦੇਸ਼ ਭਰ ਦੇ ਕਿਸਾਨ ਹਿੱਸਾ ਲੈਣਗੇ। ਇਹ ਇਕੱਠ ਭਾਰਤ–ਅਮਰੀਕਾ ਵਿਚਕਾਰ ਹੋ ਰਹੀ ਡੀਲ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਵੱਲੋਂ ਹਮੇਸ਼ਾਂ ਕਿਸਾਨਾਂ ਨਾਲ ਅਨਿਆਇ ਕੀਤਾ ਗਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਐਮਐਸਪੀ ਤੋਂ ਕਾਫੀ ਘੱਟ ਕੀਮਤਾਂ ‘ਤੇ ਖਰੀਦੀਆਂ ਜਾ ਰਹੀਆਂ ਹਨ। ਇਸ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ ਅਤੇ ਖੁਦਕੁਸ਼ੀਆਂ ਦੇ ਮਾਮਲੇ ਵੀ ਵੱਧ ਰਹੇ ਹਨ।
ਡੱਲੇਵਾਲ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਲਗਭਗ 7 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਜੋ ਸਰਕਾਰਾਂ ਦੀਆਂ ਨਾਕਾਮ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਵਿੱਚ ਕਿਸਾਨਾਂ ਲਈ ਕੋਈ ਵੱਡਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਬਜਟ ਸਿਰਫ ਐਲਾਨਾਂ ਤੱਕ ਹੀ ਸੀਮਿਤ ਰਹਿ ਗਿਆ ਹੈ।
ਭਾਰਤ–ਅਮਰੀਕਾ ਡੀਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ ਹਿਤਾਂ ਦੇ ਖਿਲਾਫ ਹੈ ਅਤੇ ਇਸ ਨਾਲ ਭਾਰਤ ਦੀ ਆਰਥਿਕ ਅਤੇ ਖੇਤੀਬਾੜੀ ਨੀਤੀਆਂ ‘ਤੇ ਗੰਭੀਰ ਅਸਰ ਪੈ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜਾਗਰੂਕ ਯਾਤਰਾ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੁੜ ਰਹੇ ਹਨ। ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਇੱਕ ਗੈਰ-ਰਾਜਨੀਤਿਕ ਸੰਗਠਨ ਹੈ, ਇਸ ਲਈ ਨਾ ਤਾਂ ਕਿਸੇ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਸਮਰਥਨ ਦਿੱਤਾ ਜਾਵੇਗਾ। ਹਾਲਾਂਕਿ ਜਿਨ੍ਹਾਂ ਸਰਕਾਰਾਂ ਦੇ ਦੌਰਾਨ ਕਿਸਾਨਾਂ ਨਾਲ ਜ਼ੁਲਮ ਹੋਏ ਹਨ, ਉਨ੍ਹਾਂ ਦੇ ਨੁਮਾਇੰਦਿਆਂ ਨੂੰ ਜਨਤਾ ਦੇ ਵਿਚਕਾਰ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਯਾਤਰਾ ਦੇਸ਼ ਦੇ ਹਰ ਕੋਨੇ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਪਹੁੰਚਾਉਣ ਅਤੇ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੋੜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
