ਕਿਸਾਨਾਂ ਦਾ ਚੰਡੀਗੜ੍ਹ ‘ਚ 1 ਸਤੰਬਰ ਤੋਂ 7 ਦਿਨਾਂ ਦਾ ਧਰਨਾ, ਪ੍ਰਸ਼ਾਸਨ ਨਾਲ ਮੀਟਿੰਗ ‘ਚ ਮਿਲੀ ਇਜਾਜ਼ਤ; ਰਾਜੇਵਾਲ ਨੇ ਦੱਸੀਆਂ ਮੰਗਾਂ

ਗੁਰਪ੍ਰੀਤ ਸਿੰਘ :- ਸੰਯੁਕਤ ਕਿਸਾਨ ਮੋਰਚਾ ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ‘ਚ ਧਰਨਾ ਲਗਾਇਆ ਜਾਵੇਗਾ। ਅੱਜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਮੁੱਦੇ ਨੂੰ ਲੈ ਕੇ ਐਸਐਸਪੀ ਚੰਡੀਗੜ੍ਹ ਨਾਲ ਮੁਲਾਕਾਤ ਕੀਤੀ। ਮੁਲਕਾਤ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ‘ਚ 48-49 ਸੈਕਟਰ ਵਿਖੇ ਏਅਰਪੋਰਟ ਰੋਡ ‘ਤੇ ਸਾਨੂੰ ਧਰਨੇ ਲਈ ਇਜਾਜ਼ਤ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਧਰਨਾ ਨਿਰੰਤਰ 7 ਦਿਨਾਂ ਲਈ ਚਲੇਗਾ।

ਬਲਵੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਦੋ ਤੋਂ ਤਿੰਨ ਥਾਵਾਂ ਦੱਸੀਆਂ ਗਈਆਂ ਸੀ, ਜਿਨਾਂ ‘ਚੋਂ ਏਅਰਪੋਰਟ ਰੋਡ ਦੇ ਕੋਲ ਧਰਨੇ ਲਈ ਥਾਂ ਦੀ ਇਜਾਜ਼ਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਕਿ ਧਰਨਾ ਚੱਲੇਗਾ, ਜਿਸ ਦੇ ਬਾਰੇ ਇੱਕ ਚਾਰਟਰ ਵੀ ਵਿਸ਼ੇਸ਼ ਤੌਰ ‘ਤੇ ਬਣਾਇਆ ਜਾ ਰਿਹਾ ਹੈ ਕਿ ਕਿਹੜੀਆਂ ਮੰਗਾਂ ਇਸ ਧਰਨੇ ਦੌਰਾਨ ਰੱਖੀਆਂ ਜਾਣਗੀਆਂ।

ਕੀ ਹਨ ਮੁੱਖ ਮੰਗਾਂ?

ਰਾਜੇਵਾਲ ਨੇ ਕਿਹਾ ਕਿ ਧਰਨੇ ਦੀਆਂ ਮੁੱਖ ਮੰਗਾਂ ‘ਚ ਪੁਨਰਗਠਨ ਐਕਟ 1966 ਦੇ ਸੈਕਸ਼ਨ 78,79 ਤੇ 80 ਨੂੰ ਵਾਪਸ ਲੈਣ, ਪਾਣੀ ਦੇ ਸਮਝੌਤੇ ਰੱਦ ਕਰਨ, ਕਿਸਾਨਾਂ ਦਾ ਕਰਜ਼ਾ, ਗੰਨੇ ਦਾ ਰੇਟ, ਕੇਂਦਰ ਸਰਕਾਰ ਵੱਲੋਂ ਫ੍ਰੀ-ਟ੍ਰੇਡ ਐਗ੍ਰੀਮੈਂਟ ਵਰਗੇ ਅਹਿਮ ਮੁੱਦੇ ਚਰਚਾ ‘ਚ ਰਹਿਣਗੇ। ਉਨ੍ਹਾਂ ਕਿਹਾ ਧਰਨੇ ਦੀ ਮੁੱਖ ਮੰਗਾਂ ਨੂੰ ਲੈ ਕੇ ਵਿਸਥਾਰਿਤ ਜਾਣਕਾਰੀ ਥੋੜ੍ਹੀ ਹੀ ਦਿਨਾਂ ‘ਚ ਜਾਰੀ ਕਰ ਦਿੱਤੀ ਜਾਵੇਗੀ। ਚੀਨੀ ਦੇ ਵਧਦੇ ਭਾਅ ‘ਤੇ ਪੁੱਛੇ ਗਏ ਸਵਾਲ ‘ਤੇ ਰਾਜੇਵਾਲ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਈਥਾਨੌਲ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਕਾਰਨ ਇਹ ਭਾਅ ਵੱਧ ਰਹੇ ਹਨ।

ਸੱਤ ਦਿਨ ਵਾਲੇ ਧਰਨੇ ਲਈ ਕਿਸਾਨਾਂ ਨਾਲ ਤਾਲਮੇਲ

ਕਿਸਾਨਾਂ ਦੇ ਸੱਤ ਦਿਨ ਤੱਕ ਚੱਲਣ ਵਾਲੇ ਇਸ ਧਰਨੇ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਤਾਲਮੇਲ ਦੇ ਪ੍ਰਬੰਧ ਕੀਤੇ ਜਾਣਗੇ। ਜਿਸ ਦੇ ਬਾਰੇ ਅੱਜ ਇੱਕ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਦੀ ਐਸਐਸਪੀ ਦੇ ਨਾਲ ਬਲਵੀਰ ਸਿੰਘ ਰਾਜੇਵਾਲ ਤੇ ਸਾਥੀ ਕਿਸਾਨ ਆਗੂਆਂ ਨੇ ਕੀਤੀ ਜਿਸ ਦੇ ‘ਚ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ।

By Gurpreet Singh

Leave a Reply

Your email address will not be published. Required fields are marked *