ਪੰਜਾਬ ਵਿੱਚ ਖਾਦ ਦੀ ਕਮੀ ਦਾ ਮੰਡਰਾ ਰਿਹੈ ਖਤਰਾ; ਨੰਗਲ ਤੇ ਬਠਿੰਡਾ ਦੋਵੇਂ ਪਲਾਂਟਾਂ ਵਿੱਚ ਯੂਰੀਆ ਉਤਪਾਦਨ ਠੱਪ

ਗੁਰਪ੍ਰੀਤ ਸਿੰਘ :- ਅਮਰੀਕਾ ਤੇ ਇਜ਼ਰਾਈਲ ਵੱਲੋਂ ਸਾਂਝੇ ਤੌਰ ਉਤੇ ਈਰਾਨ ਉਤੇ ਕੀਤੇ ਹਮਲੇ ਦਾ ਅਸਰ ਹੁਣ ਪੰਜਾਬ ਦੀ ਖੇਤੀ ਉਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਐਨਐਫਐਲ ਦੇ 2 ਪਲਾਂਟਾ ‘ਚ ਯੂਰੀਆ ਉਤਪਾਦਨ ਰੁਕ ਗਿਆ। ਇਸ ਕਾਰਨ ਸਾਉਣੀ ਸੀਜ਼ਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਯੂਰੀਆ ਦੀ ਕਮੀ ਦਾ ਖਤਰਾ ਮੰਡਰਵਾਉਣ ਲੱਗ ਪਿਆ ਹੈ।
ਐਨਐਫਐਲ ਦੇ ਨੰਗਲ ਤੇ ਬਠਿੰਡਾ ਪਲਾਂਟਾਂ ‘ਚ ਯੂਰੀਆ ਉਤਪਾਦਨ ਠੱਪ ਹੋ ਗਿਆ ਹੈ। ਬੀਤੇ ਦਿਨ ਬਾਇਲਰ ਫਟਣ ਕਾਰਨ ਪਲਾਂਟ ਬੰਦ ਕਰ ਦਿੱਤਾ ਗਿਆ ਸੀ ਅਤੇ LNG ਦੀ ਘਾਟ ਕਾਰਨ ਦੋਵਾਂ ਪਲਾਂਟਾਂ ‘ਚ ਯੂਰੀਆ ਦਾ ਉਤਪਾਦਨ ਬਿਲਕੁਲ ਰੁਕ ਗਿਆ ਹੈ। ਇਸ ਵਾਰ 1 ਮਹੀਨਾ ਪਹਿਲਾਂ ਹੀ ਉਤਪਾਦਨ ਬੰਦ ਹੋ ਗਿਆ ਹੈ। ਸਾਉਣੀ ਸੀਜ਼ਨ ਦੌਰਾਨ ਪੰਜਾਬ ‘ਚ ਯੂਰੀਆ ਦਾ ਸੰਕਟ ਵਧ ਸਕਦਾ ਹੈ। ਖਾੜੀ ਦੇਸ਼ਾਂ ‘ਚ ਤਣਾਅ ਕਾਰਨ LPG ਅਤੇ LNG ਗੈਸ ਦੀ ਸਪਲਾਈ ਨਹੀਂ ਹੋ ਰਹੀ।

ਦੇਸ਼ ਭਰ ‘ਚ ਐਨਐਫਐਲ਼ ਦੇ 5 ਗੈਸ ਅਧਾਰਤ ਪਲਾਂਟ ਹਨ। ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਸਰਕਾਰ ਉਦਯੋਗਿਕ ਇਕਾਈਆਂ ਨੂੰ ਐਲਐਨਜੀ ਸਪਲਾਈ ਨਾਲੋਂ ਘਰੇਲੂ ਖਪਤ ਲਈ ਪਾਈਪ ਰਾਹੀਂ ਕੁਦਰਤੀ ਗੈਸ ਸਪਲਾਈ ਨੂੰ ਤਰਜੀਹ ਦੇ ਰਹੀ ਹੈ। ਸੂਤਰਾਂ ਨੇ ਕਿਹਾ ਕਿ ਗੈਸ ਸਪਲਾਈ ਵਿੱਚ ਰੁਕਾਵਟ ਈਰਾਨ ਅਤੇ ਅਮਰੀਕਾ ਨਾਲ ਤਣਾਅ ਕਾਰਨ ਆਈ ਹੈ। ਕਤਰ ਜੋ ਕਿ ਇੰਡੀਅਨ ਆਇਲ ਤੇ ਪੈਟ੍ਰੋਨੇਟ ਐਲਐਨਜੀ ਵਰਗੀਆਂ ਕੰਪਨੀਆਂ ਰਾਹੀਂ ਭਾਰਤ ਦੇ ਐਲਐਨਜੀ ਦਾ ਲਗਭਗ 60 ਫ਼ੀਸਦੀ ਸਪਲਾਈ ਕਰਦਾ ਹੈ, ਨੇ ਵਿਵਾਦ ਦੇ ਦੌਰਾਨ ਊਰਜਾ ਬੁਨਿਆਦੀ ਢਾਂਚੇ ‘ਤੇ ਹਮਲੇ ਤੋਂ ਬਾਅਦ ਸ਼ਿਪਮੈਂਟ ਵਿੱਚ ਰੁਕਾਵਟ ਪਾਈ ਹੈ।

ਰੁਕਾਵਟ ਤੋਂ ਬਾਅਦ ਗੇਲ ਜੋ ਕਿ ਦੇਸ਼ ਭਰ ਵਿੱਚ ਐਲਐਨਜੀ ਵੰਡਦਾ ਹੈ, ਨੇ ਨੰਗਲ (ਰੋਪੜ ਜ਼ਿਲ੍ਹਾ) ਅਤੇ ਬਠਿੰਡਾ ਵਿਖੇ ਐਨਐਫਐਲ ਪਲਾਂਟਾਂ ਨੂੰ ਗੈਸ ਦੀ ਸਪਲਾਈ ਘਟਾ ਦਿੱਤੀ। ਸਪਲਾਈ ਵਿੱਚ ਸ਼ੁਰੂਆਤ ਵਿੱਚ ਲਗਭਗ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਲਗਭਗ 40 ਪ੍ਰਤੀਸ਼ਤ ਤੱਕ ਘਟਾ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਐਨਐਫਐਲ ਭਾਰਤ ਦੇ ਕੁੱਲ ਯੂਰੀਆ ਉਤਪਾਦਨ ਦਾ ਲਗਭਗ 20 ਪ੍ਰਤੀਸ਼ਤ ਪੈਦਾ ਕਰਦਾ ਹੈ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਕਿ ਸਾਉਣੀ ਦੇ ਮੌਸਮ ਦੌਰਾਨ ਯੂਰੀਆ ਇੱਕ ਮਹੱਤਵਪੂਰਨ ਸ੍ਰੋਤ ਸੀ ਅਤੇ ਕਿਸੇ ਵੀ ਕਮੀ ਨਾਲ ਖੇਤੀਬਾੜੀ ਉਤਪਾਦਕਤਾ ਪ੍ਰਭਾਵਿਤ ਹੋ ਸਕਦੀ ਹੈ। ਪਹਿਲਾਂ, ਐਨਐਫਐਲ ਪਲਾਂਟ ਖਾਦ ਉਤਪਾਦਨ ਲਈ ਕੋਲੇ ਨੂੰ ਮੁੱਖ ਬਾਲਣ ਵਜੋਂ ਵਰਤਦੇ ਸਨ। ਲਗਭਗ ਇੱਕ ਦਹਾਕਾ ਪਹਿਲਾਂ ਉਹ ਸਾਫ਼ ਅਤੇ ਵਧੇਰੇ ਕੁਸ਼ਲ ਬਾਲਣ ਅਪਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ LNG ਦਾ ਇਸਤੇਮਾਲ ਕਰਨ ਲੱਗ ਗਏ।

By Gurpreet Singh

Leave a Reply

Your email address will not be published. Required fields are marked *