ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨਾਲ ਹੋਈ ਫੋਨ ਗੱਲਬਾਤ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਵਿਅਕਤੀ ਖਿਲਾਫ਼ ਕਾਨੂੰਨੀ ਰਾਹ ਲੱਭਣ ਉਪਰੰਤ ਹੁਣ ਐਫਆਈਆਰ ਦਰਜ਼ ਕਰਵਾਉਣ ਲਈ ਤਿਆਰੀ ਮੁਕੰਮਲ ਕਰ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਸਰਗਰਮ ਸਿਆਸਤ ਵਿਚ ਹਨ, ਇਸ ਲਈ ਅਜਿਹਾ ਹੋਣਾ ਸਾਵਧਾਨੀਕ ਹੈ ਕਿ ਉਨ੍ਹਾਂ ਦਾ ਨੰਬਰ ਕਈ ਵਰਕਰਾਂ ਕੋਲ ਮੌਜੂਦ ਹੋਵੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਉਨ੍ਹਾਂ ਨੂੰ ਕਾਲ ਕੀਤੀ, ਉਸਨੇ ਵਿਸ਼ੇਸ਼ ਮਨਸ਼ਾ ਦੇ ਤਹਿਤ ਗੱਲਬਾਤ ਦੀ ਰਿਕਾਰਡਿੰਗ ਕੀਤੀ ਅਤੇ ਫਿਰ ਦੂਜੇ ਫੋਨ ਨਾਲ ਵੀਡੀਓ ਬਣਾਕੇ ਉਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ, ਜੋ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦਾ ਯਤਨ ਸੀ।
ਬੀਬੀ ਜਗੀਰ ਕੌਰ ਨੇ ਇਸ ਘਟਨਾ ਨੂੰ ਆਪਣੀ ਸ਼ਖਸੀਅਤ ਅਤੇ ਔਰਤ ਜਗਤ ਦੀ ਇਜ਼ਤ ਉਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ। ਉਨ੍ਹਾਂ ਨੇ ਖ਼ਬਰਦਾਰ ਕੀਤਾ ਕਿ ਜੇ ਅਗਲੇ 24 ਘੰਟਿਆਂ ਵਿਚ ਜਨਤਕ ਤੌਰ ‘ਤੇ ਲਿਖਤੀ ਮਾਫ਼ੀ ਨਾ ਮੰਗੀ ਗਈ, ਤਾਂ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ।
ਇਸ ਦੇ ਨਾਲ ਹੀ, ਬੀਬੀ ਜਗੀਰ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਪਲੇਟਫਾਰਮਾਂ ਤੋਂ ਉਹ ਵੀਡੀਓ ਹਟਾਈ ਨਾ ਗਈ ਅਤੇ ਖੇਦ ਨਾ ਪ੍ਰਗਟਾਇਆ ਗਿਆ, ਤਾਂ ਉਨ੍ਹਾਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਕਿਸੇ ਦੀ ਆਵਾਜ਼ ਰਿਕਾਰਡ ਕਰਕੇ ਜਾਂ ਵਿਡੀਓ ਬਣਾ ਕੇ ਵਾਇਰਲ ਕਰਨਾ, ਨਾ ਸਿਰਫ ਆਈਟੀ ਐਕਟ ਦੀ ਉਲੰਘਣਾ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਇਹ ਪੂਰੀ ਘਟਨਾ ਇੱਕ ਰਚੀਤ ਸਾਜਿਸ਼ ਸੀ, ਜਿਸਦਾ ਉਦੇਸ਼ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਸੀ।