ਗੁਰਪ੍ਰੀਤ ਸਿੰਘ :- ਦੁਸਹਿਰਾ-ਦੀਵਾਲੀ ਸਿਰ ’ਤੇ ਹੋਣ ਦੇ ਬਾਵਜੂਦ ਜਲੰਧਰ ਵਿਚ ਅਸਥਾਈ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਚੱਲ ਰਹੀ ਸ਼ਸ਼ੋਪੰਜ ਦੀ ਸਥਿਤੀ ਹੁਣ ਖਤਮ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਠਾਨਕੋਟ ਰੋਡ ’ਤੇ ਸਥਿਤ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਅਸਥਾਈ ਪਟਾਕਾ ਮਾਰਕੀਟ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇ ਨਾਲ ਸੁਰੱਖਿਆ, ਟ੍ਰੈਫਿਕ ਅਤੇ ਦੁਕਾਨਾਂ ਦੀ ਵਿਵਸਥਾ ਨੂੰ ਲੈ ਕੇ ਕਈ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ।
ਪ੍ਰਸ਼ਾਸਨ ਵੱਲੋਂ ਜਿਸ ਜ਼ਮੀਨ ਨੂੰ ਪਟਾਕਾ ਮਾਰਕੀਟ ਲਈ ਮਨਜ਼ੂਰੀ ਦਿੱਤੀ ਗਈ ਹੈ, ਉਸ ਨੂੰ ਅਜੇ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਜ਼ਮੀਨ ਗੋਸਵਾਮੀ ਪਰਿਵਾਰ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਪਟਾਕਾ ਕਾਰੋਬਾਰੀਆਂ ਨਾਲ ਜੁੜੀਆਂ ਐਸੋਸੀਏਸ਼ਨਾਂ ਨੇ ਇਸ ਜ਼ਮੀਨ ਨੂੰ 5 ਸਾਲ ਲਈ ਪਟਾਕਾ ਮਾਰਕੀਟ ਲਗਾਉਣ ਦੇ ਉਦੇਸ਼ ਨਾਲ ਲੀਜ਼ ’ਤੇ ਲਿਆ ਹੈ। ਫਿਲਹਾਲ ਜਿਹੜੀ ਜ਼ਮੀਨ ਲਈ ਗਈ ਹੈ, ਉਸ ਜ਼ਮੀਨ ’ਤੇ ਇਸ ਸਮੇਂ ਝੋਨੇ ਦੀ ਫਸਲ ਖੜ੍ਹੀ ਹੈ। ਪਟਾਕਾ ਮਾਰਕੀਟ ਲਗਾਉਣ ਲਈ ਫਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕੱਟਣਾ ਪਵੇਗਾ।
ਰੋਜ਼ਾਨਾਖ਼ਬਰਾਂ ਪੜ੍ਹੋ
ਪਟਾਕਾ ਮਾਰਕੀਟ ਲਗਾਉਣ ਲਈ ਜਿਹੜੇ ਵੀ ਕਿਸਾਨ ਦੀ ਇਸ ਜ਼ਮੀਨ ’ਤੇ ਇਹ ਫਸਲ ਖੜ੍ਹੀ ਹੋਈ ਹੈ, ਉਸ ਨੂੰ ਫਸਲ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਬਾਅਦ ਹੀ ਜ਼ਮੀਨ ਨੂੰ ਮਾਰਕੀਟ ਲਈ ਤਿਆਰ ਕਰਨ ਅਤੇ ਪ੍ਰਸ਼ਾਸਨ ਵੱਲੋਂ ਅਜਿਹੇ ਸੁਰੱਖਿਆ ਸ਼ਰਤਾਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਵੀ ਭਾਜਪਾ ਨੇਤਾ ਕੇ. ਡੀ. ਭੰਡਾਰੀ ਨੇ ਹੀ ਆਪਣੇ ਪੱਧਰ ’ਤੇ ਯਤਨ ਕਰ ਕੇ ਸ਼ਹਿਰ ਦੇ ਪਟਾਕਾ ਕਾਰੋਬਾਰੀਆਂ ਨੂੰ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਹ ਰਾਹਤ ਦਿਵਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪਟਾਕਾ ਮਾਰਕੀਟ ਇਸ ਪਾਸੇ ਆਉਣ ਨਾਲ ਜਿਥੇ ਰੇਰੂ ਚੌਕ ’ਤੇ ਟ੍ਰੈਫਿਕ ਦਾ ਦਬਾਅ ਹੋਰ ਵਧ ਜਾਵੇਗਾ, ਉਥੇ ਹੀ ਰਾਓਵਾਲੀ ਨੂੰ ਜਾਂਦੀ ਧੋਗੜੀ ਰੋਡ ਦੀ ਖਰਾਬ ਹਾਲਤ ਵੀ ਕਾਫੀ ਪ੍ਰੇਸ਼ਾਨੀ ਪੈਦਾ ਕਰੇਗੀ।
ਹਰੇਕ ਦੁਕਾਨ ਦੇ ਬਾਹਰ ਘੱਟ ਤੋਂ ਘੱਟ 4 ਪੋਰਟੇਬਲ ਐਕਸਟਿੰਗਵਿਸ਼ਰ ਅਤੇ 200 ਲਿਟਰ ਪਾਣੀ ਦੀ ਵਿਵਸਥਾ ਕਰਨੀ ਹੋਵੇਗੀ। ਪਟਾਕਿਆਂ ਦੀ ਵਿਕਰੀ ਦਾ ਸਮਾਂ ਸਵੇਰੇ 10 ਤੋਂ ਸ਼ਾਮ 7.30 ਵਜੇ ਤਕ ਨਿਰਧਾਰਿਤ ਕੀਤਾ ਗਿਆ ਹੈ। ਅਜਿਹੇ ਵਿਚ ਪਟਾਕਾ ਮਾਰਕੀਟ ਲਗਾਉਣ ਲਈ ਰਸਤੇ ਖੁੱਲ੍ਹਦੇ ਜ਼ਰੂਰ ਦਿਖਾਈ ਦੇ ਰਹੇ ਹਨ ਪਰ ਇਹ ਵੀ ਦੇਖਣਾ ਹੋਵੇਗਾ ਕਿ ਜ਼ਮੀਨ ਅਤੇ ਮਾਰਕੀਟ ਦੀਆਂ ਵਿਵਸਥਾਵਾਂ ਨੂੰ ਲੈ ਕੇ ਅੱਗੇ ਕੋਈ ਨਵਾਂ ਵਿਵਾਦ ਪੈਦਾ ਹੁੰਦਾ ਹੈ ਜਾਂ ਨਹੀਂ, ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਕਾਰੋਬਾਰੀਆਂ ਨੂੰ ਮਾਰਕੀਟ ਲੱਗਣ ਦੀ ਉਮੀਦ ਜਾਗੀ ਹੈ ਅਤੇ ਹੁਣ ਅਗਲੀ ਨਜ਼ਰ ਜ਼ਮੀਨ ਨੂੰ ਮਾਰਕੀਟ ਲਈ ਤਿਆਰ ਕਰਨ ਦੀ ਪ੍ਰਕਿਰਿਆ ’ਤੇ ਰਹੇਗੀ।
