ਲੁਧਿਆਣਾ ਵਿਚ ਫ਼ਾਇਰਿੰਗ, ਕਾਲੀ ਥਾਰ ਵਿਚ ਆਏ ਮੁੰਡੇ ਨੇ ਫ਼ਿਲਮੀ ਅੰਦਾਜ਼ ‘ਚ ਵਰ੍ਹਾਈਆਂ ਗੋਲ਼ੀਆਂ

ਲੁਧਿਆਣਾ: ਲੁਧਿਆਣਾ ਦੀ EWS ਕਾਲੋਨੀ ਵਿਚ ਬੀਤੀ ਰਾਤ ਜੋ ਕੁਝ ਹੋਇਆ, ਉਸ ਨੇ ਪੁਲਸ ਦੀ ਸੁਰੱਖਿਆ ਵਿਵਸਥਾ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਸ਼ੁੱਕਰਵਾਰ ਦੀ ਰਾਤ ਕਰੀਬ 11 ਵਜੇ ਗੁੰਡਿਆਂ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ, ਜਿਸ ਵਿਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਸ਼ਾਨ ਨਾਲ ਫਰਾਰ ਹੋ ਗਏ। ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਮੌਕੇ ‘ਤੇ ਪਹੁੰਚੀ, ਪਰ ਸਥਾਨਕ ਨਿਵਾਸੀਆਂ ਵਿਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਦਾ ਖੌਫ਼ ਖ਼ਤਮ ਹੋ ਚੁੱਕਾ ਹੈ ਅਤੇ ਅਪਰਾਧੀ ਬੇਖੌਫ਼ ਹੋ ਕੇ ਸ਼ਰੇਆਮ ਗੋਲੀਆਂ ਚਲਾ ਰਹੇ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਹੈ, ਪਰ ਮੁਲਜ਼ਮ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ। 

ਜਾਣਕਾਰੀ ਮੁਤਾਬਕ, ਸੁਦਾਮਾ ਨਾਂ ਦਾ ਨੌਜਵਾਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਗਲੀ ਨੰਬਰ 2 ਦੇ ਕੁਝ ਨੌਜਵਾਨਾਂ ਨੇ ਜ਼ੋਮੈਟੋ ਤੋਂ ਖਾਣਾ ਮੰਗਵਾਇਆ ਸੀ। ਡਿਲੀਵਰੀ ਬੁਆਏ ਰਸਤਾ ਭਟਕ ਕੇ ਸੁਦਾਮਾ ਕੋਲ ਆ ਗਿਆ ਅਤੇ ਆਰਡਰ ਕਰਨ ਵਾਲੇ ਨੌਜਵਾਨਾਂ ਨੂੰ ਫ਼ੋਨ ਕਰਨ ਲੱਗਾ। ਜਦੋਂ ਇੱਕ ਨੌਜਵਾਨ ਉੱਥੇ ਖਾਣਾ ਲੈਣ ਪਹੁੰਚਿਆ, ਤਾਂ ਉਹ ਬਿਨਾਂ ਕਿਸੇ ਗੱਲ ਦੇ ਡਿਲੀਵਰੀ ਬੁਆਏ ‘ਤੇ ਭੜਕਣ ਲੱਗਾ। ਕੋਲ ਖੜ੍ਹੇ ਸੁਦਾਮਾ ਨੇ ਜਦੋਂ ਇਹ ਮੰਜ਼ਰ ਦੇਖਿਆ, ਤਾਂ ਮੁਲਜ਼ਮ ਨੌਜਵਾਨ ਉਸ ‘ਤੇ ਵੀ ਉਬਲ ਪਿਆ ਅਤੇ ਬਹਿਸ ਕਰਨ ਲੱਗਾ ਕਿ “ਤੂੰ ਮੈਨੂੰ ਦੇਖ ਕਿਉਂ ਰਿਹਾ ਹੈਂ?”

ਮਾਮਲਾ ਵਧਦਾ ਦੇਖ ਕੇ ਸੁਦਾਮਾ ਨੇ ਆਪਣੇ ਭਰਾ ਮੁਕੇਸ਼ ਨੂੰ ਮਦਦ ਲਈ ਬਾਹਰ ਬੁਲਾਇਆ। ਬੱਸ ਇੰਨੀ ਕੁ ਗੱਲ ‘ਤੇ ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਦੋਵਾਂ ਭਰਾਵਾਂ ‘ਤੇ ਹਮਲਾ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮਾਂ ਦਾ ਇਕ ਹੋਰ ਸਾਥੀ ‘ਕਾਲੀ ਥਾਰ’ ਵਿਚ ਸਵਾਰ ਹੋ ਕੇ ਫਿਲਮੀ ਸਟਾਈਲ ਵਿਚ ਪਹੁੰਚਿਆ ਅਤੇ ਆਉਂਦੇ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਗੋਲ਼ੀ ਸਿੱਧੀ ਸੁਦਾਮਾ ਦੇ ਪੈਰ ਵਿਚ ਜਾ ਲੱਗੀ ਅਤੇ ਉਹ ਖੂਨ ਨਾਲ ਲਥਪਥ ਹੋ ਕੇ ਡਿੱਗ ਪਿਆ। ਗੋਲੀਆਂ ਦੀ ਗੂੰਜ ਸੁਣ ਕੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ, ਤਾਂ ਮੁਲਜ਼ਮ ਸ਼ਰੇਆਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

By Gurpreet Singh

Leave a Reply

Your email address will not be published. Required fields are marked *