ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕੈਫੇ (ਕੈਪਸ ਕੈਫੇ) ‘ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੋਕ ਕਾਰ ਵਿੱਚ ਬੈਠੇ ਕੈਫੇ ਵੱਲ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ, ਗੋਲਡੀ ਢਿੱਲੋਂ ਨਾਮ ਦੇ ਇੱਕ ਗੈਂਗਸਟਰ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਸਦੇ ਗੈਂਗ ਨੇ ਕੀਤਾ ਹੈ।
ਹਾਲਾਂਕਿ, ਹੁਣ ਤੱਕ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ‘ਤੇ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਤੁਹਾਨੂੰ ਦੱਸ ਦੇਈਏ ਕਿ ਗੋਲਡੀ ਢਿੱਲੋਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਦਾ ਹੈ। ਗੋਲਡੀ ਨੇ ਇੱਕ ਆਨਲਾਈਨ ਪੋਸਟ ਵਿੱਚ ਲਿਖਿਆ ਕਿ ‘ਸਾਰੇ ਭਰਾਵਾਂ ਨੂੰ ਰਾਮ ਰਾਮ… ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਅੱਜ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਹਨ।’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪਿਛਲੇ ਮਹੀਨੇ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਗੋਲੀਬਾਰੀ ਹੋਈ ਸੀ। ਇਸਦੀ ਵੀਡੀਓ ਵੀ ਸਾਹਮਣੇ ਆਈ ਸੀ। ਹਮਲਾਵਰ ਨੇ ਕਾਰ ਵਿੱਚੋਂ ਪਿਸਤੌਲ ਕੱਢ ਕੇ 10 ਤੋਂ 12 ਗੋਲੀਆਂ ਚਲਾਈਆਂ ਸਨ।