ਪਹਿਲਾਂ ਕੈਨੇਡਾ ਹਟਾਵੇ ਟੈਕਸ, ਫਿਰ ਕਰਦੇ ਹਾਂ ਗੱਲ, ਟ੍ਰੰਪ ਦਾ ਵੱਡਾ ਐਲਾਣ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਫੌਕਸ ਨਿਊਜ਼’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਚੱਲ ਰਹੀ ਵਪਾਰਕ ਗੱਲਬਾਤ ਉਦੋਂ ਤੱਕ ਅੱਗੇ ਨਹੀਂ ਵਧੇਗੀ, ਜਦੋਂ ਤੱਕ ਕੈਨੇਡਾ ਕੁਝ ਟੈਕਸ ਖਤਮ ਨਹੀਂ ਕਰ ਦਿੰਦਾ। ਉਨ੍ਹਾਂ ਕੈਨੇਡਾ ਨੂੰ “ਮਾੜਾ ਵਿਵਹਾਰ ਕਰਨ ਵਾਲਾ” ਦੇਸ਼ ਦੱਸਿਆ। ਉਨ੍ਹਾਂ ਕਿਹਾ ਕਿ ਉਹ ਕੁਝ ਟੈਕਸਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਖਾਸ ਕਰਕੇ ਡਿਜੀਟਲ ਸੇਵਾਵਾਂ ਟੈਕਸ (DST), ਜੋ ਕਿ ਸੋਮਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ ਅਤੇ ਇਹ ਐਮਾਜ਼ੋਨ, ਗੂਗਲ ਅਤੇ ਮੈਟਾ ਵਰਗੀਆਂ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਪ੍ਰਭਾਵਿਤ ਕਰੇਗਾ।

ਇਸ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ TikTok ਲਈ ਇੱਕ ਖਰੀਦਦਾਰ ਮਿਲ ਗਿਆ ਹੈ, ਜੋ ਕਿ ਕੁਝ “ਬਹੁਤ ਅਮੀਰ ਲੋਕਾਂ” ਦਾ ਸਮੂਹ ਹੈ। ਉਹ ਲਗਭਗ ਦੋ ਹਫ਼ਤਿਆਂ ਵਿੱਚ ਇਸ ਸਮੂਹ ਦਾ ਨਾਂ ਜਨਤਕ ਕਰਨਗੇ।

ਈਰਾਨ ਨੂੰ ਲੈ ਕੇ ਦੁਹਰਾਇਆ ਦਾਅਵਾ
ਇਸੇ ਗੱਲਬਾਤ ਵਿੱਚ ਉਨ੍ਹਾਂ ਨੇ ਈਰਾਨ ਬਾਰੇ ਆਪਣੇ ਪੁਰਾਣੇ ਦਾਅਵਿਆਂ ਨੂੰ ਵੀ ਦੁਹਰਾਇਆ। ਟਰੰਪ ਨੇ ਕਿਹਾ ਕਿ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਹੋ ਗਿਆ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਈਰਾਨ ਜਲਦੀ ਹੀ ਕੋਈ ਪ੍ਰਮਾਣੂ ਬੰਬ ਨਹੀਂ ਬਣਾ ਸਕੇਗਾ। ਉਨ੍ਹਾਂ ਕਿਹਾ, “ਉਹ ਨੇੜ ਭਵਿੱਖ ਵਿੱਚ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕਣਗੇ। ਸਾਨੂੰ ਉਨ੍ਹਾਂ ‘ਤੇ ਹਮਲਾ ਕਰਨਾ ਪਿਆ ਕਿਉਂਕਿ ਉਹ ਪ੍ਰਮਾਣੂ ਬੰਬ ਬਣਾਉਣ ਦੇ ਨੇੜੇ ਸਨ।”

ਕੈਨੇਡਾ ਨੂੰ ਦਿੱਤੀ ਚਿਤਾਵਨੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਤੁਰੰਤ ਖਤਮ ਕਰਨ ਦਾ ਐਲਾਨ ਵੀ ਕੀਤਾ ਸੀ, ਜਿਸ ਵਿੱਚ ਕੈਨੇਡਾ ਦੇ ਡਿਜੀਟਲ ਸੇਵਾ ਟੈਕਸ ਨੂੰ “ਅਮਰੀਕਾ ‘ਤੇ ਸਿੱਧਾ ਅਤੇ ਸਪੱਸ਼ਟ ਹਮਲਾ” ਕਿਹਾ ਗਿਆ ਸੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਅਗਲੇ ਸੱਤ ਦਿਨਾਂ ਵਿੱਚ ਕੈਨੇਡੀਅਨ ਸਾਮਾਨਾਂ ‘ਤੇ ਨਵੇਂ ਟੈਰਿਫ ਦਾ ਐਲਾਨ ਕੀਤਾ ਜਾਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਜੇ ਤੱਕ ਇਸ ‘ਤੇ ਜਨਤਕ ਤੌਰ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਉਨ੍ਹਾਂ ਦੀ ਸਰਕਾਰ ਨੇ ਡਿਜੀਟਲ ਸੇਵਾ ਟੈਕਸ ਲਾਗੂ ਕਰਨ ਦਾ ਬਚਾਅ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *