ਪੰਜਾਬ ‘ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਰੇਲ ਆਵਾਜਾਈ ਠੱਪ

ਨੈਸ਼ਨਲ ਟਾਈਮਜ਼ ਬਿਊਰੋ :- ਸਤਲੁਜ ਦਰਿਆ ਤੇ ਚਿੱਟੀ ਵੇਈਂ ਪੂਰੀ ਤਰ੍ਹਾਂ ਆਫ਼ਰ ਗਏ ਹਨ। ਜਿੱਥੇ ਸਤਲੁਜ ਪੁਲ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਿਹਾ ਹੈ ਉਥੇ ਹੀ ਚਿੱਟੀ ਵੇਈਂ ਵੀ ਹਰ ਪਾਸੇ ਖਿਲੱਰ ਗਈ ਹੈ। ਇਸ ਦਾ ਪਾਣੀ ਲੋਹੀਆਂ ਸ਼ਹਿਰ ਦੇ ਆਸ-ਪਾਸ ਵੀ ਪੁੱਜਣਾ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਆਮ ਲੋਕਾਂ ’ਚ ਭਾਰੀ ਸਹਿਮ ਹੈ।

ਅੱਜ ਸਤਲੁਜ ਦਰਿਆ ਜਿੱਥੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਚੁੱਕਾ ਸੀ, ਉੱਥੇ ਇਸ ਵੇਲੇ ਲਗਭਗ ਇਕ ਲੱਖ 60 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਸੀ ਪਰ ਚੰਗੀ ਗੱਲ ਇਹ ਸੀ ਕਿ ਪਾਣੀ ਪੂਰੀ ਤੇਜ਼ੀ ਨਾਲ ਹਰੀਕੇ ਹੈੱਡ ਨੂੰ ਜਾ ਰਿਹਾ ਸੀ, ਜਿਸ ਨਾਲ ਪਾਣੀ ਦੀ ਡਾਫ ਨਾ ਲੱਗਣ ਕਾਰਣ ਅਜੇ ਹੜ੍ਹਾਂ ਦਾ ਖ਼ਤਰਾ ਘੱਟ ਹੈ। ਸਤਲੁਜ ਦਰਿਆ ਦੇ ਗਿੱਦੜਪਿਡੀ ਪੁਲ ਦੇ ਪਾਣੀ ਦਾ ਪੱਧਰ 706.80 ਫੁੱਟ ‘ਤੇ ਵਗ ਰਿਹਾ ਹੈ ਜਦਕਿ ਖ਼ਤਰੇ ਦਾ ਨਿਸ਼ਾਨ 705.60 ਫੁੱਟ ਹੈ ਅਤੇ ਇਹ ਪਾਣੀ ਰੇਲਵੇ ਲਾਈਨ ਦੇ ਗਾਡਰਾਂ ਨਾਲ ਛੂਅ ਰਿਹਾ ਸੀ, ਜਿਸ ਕਾਰਨ ਰੇਲਵੇ ਵੱਲੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਪਰ ਰੇਲ ਗੱਡੀਆਂ ਜਲੰਧਰ ਤੋਂ ਲੋਹੀਆਂ ਤੱਕ ਜ਼ਰੂਰ ਚੱਲ ਰਹੀਆਂ ਹਨ ਜਦਕਿ ਧੰਨਬਾਦ ਐਕਸਪ੍ਰੈੱਸ ਅਤੇ ਹੋਰ ਲੰਮੇ ਰੂਟ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਲੁਧਿਆਣਾ ਤੋਂ ਫ਼ਿਰੋਜ਼ਪੁਰ ਵਾਇਆ ਮੋਗਾ ਕੱਢਿਆ ਜਾ ਰਿਹਾ ਹੈ ਜਦਕਿ ਫ਼ਿਰੋਜ਼ਪੁਰ ਤੋਂ ਰੇਲ ਗੱਡੀਆਂ ਨੂੰ ਮਖੂ ਤੋਂ ਵਾਪਸ ਭੇਜਿਆ ਜਾ ਰਿਹਾ ਹੈ।

ਇਸੇ ਤਰ੍ਹਾਂ ਚਿੱਟੀ ਵੇਈਂ ਕਾਰਨ ਵੀ ਆਮ ਲੋਕਾਂ ’ਚ ਭਾਰੀ ਸਹਿਮ ਬਣਿਆ ਹੋਇਆ ਹੈ ਕਿਉਂਕਿ ਇਸ ਨਹਿਰ ਦਾ ਪਾਣੀ ਓਵਰ ਫਲੋਅ ਹੋ ਕੇ ਖੇਤਾਂ ’ਚ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਜਿੱਥੇ ਪਾਣੀ ਸਿੱਧੂਪੁਰ ਰੋਡ ਤੋਂ ਲੋਹੀਆਂ ਸ਼ਹਿਰ ਵੱਲ ਨੂੰ ਮਾਰ ਕਰ ਰਿਹਾ ਹੈ ਉਥੇ ਹੀ ਮੰਡ ਇਲਾਕੇ ’ਚ ਵੀ ਇਸੇ ਚਿੱਟੀ ਵੇਈਂ ਨੇ ਭਾਰੀ ਦਹਿਸ਼ਤ ਫੈਲਾ ਰੱਖੀ ਹੈ। ਸਤਲੁਜ ਦਰਿਆ ਦੇ ਗਿਦੜਪਿੰਡੀ ਪੁਲ ’ਤੇ ਮੇਲੇ ਵਰਗਾ ਮਹੌਲ ਬਣਿਆ ਹੋਇਆ ਹੈ ਤੇ ਹਰ ਕੋਈ ਪਾਣੀ ਨੂੰ ਦੇਖਣ ਤੇ ਕੈਮਰੇ ’ਚ ਕੈਦ ਕਰਨ ਪੁੱਜ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *