ਅਮਰੀਕਾ ‘ਚ ਪਹਿਲੀ ਵਾਰ ਮੌਤ ਦੀ ਸਜ਼ਾ ਦਾ ਕੀਤਾ ਜਾਵੇਗਾ ਲਾਈਵ ਪ੍ਰਸਾਰਣ

ਰਾਜੀਵ ਸ਼ਰਮਾ :- ਅਮਰੀਕਾ ਵਿੱਚ ਪਹਿਲੀ ਵਾਰ ਮੌਤ ਦੀ ਸਜ਼ਾ ਨੂੰ ਜਨਤਕ ਤੌਰ ’ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਅਮਰੀਕੀ ਫੌਜ ਦੇ ਸਾਬਕਾ ਮੇਜਰ ਨਿਦਾਲ ਹਸਨ ਨੂੰ 3 ਦਸੰਬਰ ਨੂੰ ਟੈਕਸਾਸ ਦੇ ਫੋਰਟ ਹੁੱਡ ਫੌਜੀ ਅੱਡੇ ’ਤੇ ਫਾਇਰਿੰਗ ਸਕੁਐਡ ਰਾਹੀਂ (ਗੋਲੀ ਮਾਰ ਕੇ) ਮੌਤ ਦੀ ਸਜ਼ਾ ਦਿੱਤੀ ਜਾਣੀ ਤੈਅ ਕੀਤੀ ਗਈ ਹੈ। ਪੈਂਟਾਗਨ ਮੁਤਾਬਕ, ਇਸ ਸਜ਼ਾ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਜੇਕਰ ਅਜਿਹਾ ਕੀਤਾ ਜਾਂਦਾ ਹੈ, ਤਾਂ ਇਹ ਅਮਰੀਕਾ ਵਿੱਚ ਅਜਿਹਾ ਪਹਿਲਾ ਮਾਮਲਾ ਹੋਵੇਗਾ। ਹਾਲਾਂਕਿ, ਕਾਨੂੰਨੀ ਕਾਰਵਾਈ ਕਾਰਨ ਸਜ਼ਾ ਵਿੱਚ ਦੇਰੀ ਹੋਣ ਦੀ ਸੰਭਾਵਨਾ ਵੀ ਹੈ।

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਲੋਕਾਂ ਨੂੰ ਇਹ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਅਜਿਹੇ ਅਪਰਾਧਾਂ ਦੇ ਗੰਭੀਰ ਨਤੀਜੇ ਕੀ ਹੁੰਦੇ ਹਨ। ਇਸ ਫ਼ੈਸਲੇ ਨੇ ਸਜ਼ਾ ਦੇ ਜਨਤਕ ਪ੍ਰਸਾਰਣ ਦੀ ਨੈਤਿਕਤਾ ਅਤੇ ਕਾਨੂੰਨੀ ਪਹਿਲੂਆਂ ਬਾਰੇ ਬਹਿਸ ਛੇੜ ਦਿੱਤੀ ਹੈ।

ਦਰਅਸਲ 5 ਨਵੰਬਰ 2009 ਨੂੰ ਫੌਜੀ ਮਨੋਚਿਕਿਤਸਕ ਮੇਜਰ ਨਿਦਾਲ ਹਸਨ ਫੋਰਟ ਹੁੱਡ ਫੌਜੀ ਅੱਡੇ ’ਤੇ ਪਹੁੰਚਿਆ ਅਤੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 32 ਹੋਰ ਜ਼ਖ਼ਮੀ ਹੋਏ ਸਨ। ਇਹ ਅਮਰੀਕੀ ਫੌਜੀ ਅੱਡੇ ’ਤੇ ਹੋਈਆਂ ਸਭ ਤੋਂ ਘਾਤਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚੋਂ ਇੱਕ ਸੀ। ਹਸਨ ਨੇ ਹਮਲੇ ਦੌਰਾਨ ਧਾਰਮਿਕ ਨਾਅਰੇ ਲਗਾਏ ਸਨ। ਬਾਅਦ ਵਿੱਚ ਉਸ ਨੇ ਕਿਹਾ ਸੀ ਕਿ ਉਹ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕਾ ਦੀਆਂ ਜੰਗਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਮੰਨਦਾ ਸੀ। ਗੋਲੀਬਾਰੀ ਦੌਰਾਨ ਹਸਨ ਵੀ ਜ਼ਖ਼ਮੀ ਹੋਇਆ ਸੀ ਅਤੇ ਕਮਰ ਤੋਂ ਹੇਠਾਂ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ।

ਫੌਜੀ ਅਦਾਲਤ ਨੇ 2013 ਵਿੱਚ ਹਸਨ ਨੂੰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਸੀ। ਉਸ ਨੇ ਹਮਲੇ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ ਸੀ ਅਤੇ ਸੁਣਵਾਈ ਦੌਰਾਨ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਨਹੀਂ ਕੀਤਾ ਸੀ।

ਅਮਰੀਕੀ ਫੌਜ ਨੇ 7 ਅਕਤੂਬਰ 2026 ਨੂੰ ਸਜ਼ਾ ਲਈ 3 ਦਸੰਬਰ ਦੀ ਤਰੀਕ ਨਿਰਧਾਰਤ ਕੀਤੇ ਜਾਣ ਦੀ ਪੁਸ਼ਟੀ ਕੀਤੀ। ਇਹ ਅਮਰੀਕੀ ਫੌਜ ਵਿੱਚ 1961 ਤੋਂ ਬਾਅਦ ਪਹਿਲੀ ਮੌਤ ਦੀ ਸਜ਼ਾ ਹੋਵੇਗੀ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫਾਇਰਿੰਗ ਸਕੁਐਡ ਰਾਹੀਂ ਦਿੱਤੀ ਜਾਣ ਵਾਲੀ ਪਹਿਲੀ ਫੌਜੀ ਮੌਤ ਦੀ ਸਜ਼ਾ ਹੋਵੇਗੀ।

By Rajeev Sharma

Leave a Reply

Your email address will not be published. Required fields are marked *