ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਾਸਤੇ: ਪੰਚ ਪ੍ਰਧਾਨੀ ਪ੍ਰਥਾ ਹੋਣੀ ਚਾਹੀਦੀ ਹੈ – ਠਾਕੁਰ ਦਲੀਪ ਸਿੰਘ ਜੀ

ਨੈਸ਼ਨਲ ਟਾਈਮਜ਼ ਬਿਊਰੋ :-ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਜਥੇਬੰਦੀਆਂ, ਸਭਾਵਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਸੰਬੰਧੀ ਸੁਝਾਅ ਮੰਗੇ ਗਏ ਸਨ। ਉਸ ਦੇ ਅਨੁਸਾਰ ਨਾਮਧਾਰੀ ਸਿੱਖਾਂ ਨੇ; ਆਪਣੇ ਵਰਤਮਾਨ ਗੁਰੂ, ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਲਿਖਤੀ ਰੂਪ ਵਿੱਚ ਆਪਣੇ ਸੁਝਾਅ ਧਾਮੀ ਜੀ ਨੂੰ ਪੇਸ਼ ਕੀਤੇ।
ਜਥੇਦਾਰ ਦੀ ਨਿਯੁਕਤੀ ਸੰਬੰਧੀ ਠਾਕੁਰ ਦਲੀਪ ਸਿੰਘ ਜੀ ਦੇ ਵਿਚਾਰਾਂ ਬਾਰੇ ਦੱਸਦਿਆਂ ਨਾਮਧਾਰੀ ਪੰਥ ਦੇ ਮੁੱਖ ਪ੍ਰਬੰਧਕ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਦਾ ‘ਇੱਕ’ ਜਥੇਦਾਰ ਥਾਪਣ ਦੀ ਕੋਈ ਪ੍ਰਥਾ; ਕਦੀ ਵੀ ਨਹੀਂ ਚਲਾਈ। ਗੁਰੂ ਜੀ ਨੇ ਪੰਜ ਪਿਆਰੇ ਥਾਪੇ; ਪੰਚ ਪ੍ਰਧਾਨੀ ਦੀ ਪ੍ਰਥਾ ਚਲਾਈ। “ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ”। ਇਸ ਕਰਕੇ, ਇੱਕ ਜਥੇਦਾਰ ਦੀ ਥਾਂ ਉੱਤੇ: ਅਜੈ ਸਿੰਘ ਬੰਗਾ ਚੇਅਰਮੈਨ ਵਰਡ ਬੈਂਕ, ਚੀਫ ਜਸਟਿਸ ਜਗਦੀਸ਼ ਸਿੰਘ ਖੈਰ, ਜਨਰਲ ਬਿਕਰਮ ਸਿੰਘ, ਮੌਂਟਕ ਸਿੰਘ ਆਹਲੂਵਾਲੀਆ ਆਦਿ: ਪੰਜ ਮਹਾਨ ਵਿਦਵਾਨ, ਅਨੁਭਵੀ ਗੁਰਸਿੱਖਾਂ ਦੀ ਪੰਚਾਇਤ ਅਕਾਲ ਤਖਤ ਸਾਹਿਬ ਤੋਂ, ਪੰਥ ਦਾ ਪ੍ਰਬੰਧ ਸਾਂਭਣ ਵਾਸਤੇ ਹੋਣੀ ਚਾਹੀਦੀ ਹੈ। ਇੱਕ ਜਥੇਦਾਰ ਨਹੀਂ ਚਾਹੀਦਾ। ਅਕਾਲ ਤਖਤ ਸਾਹਿਬ ਦਾ ਇੱਕ ਜਥੇਦਾਰ ਥਾਪਣਾ: ਗੁਰੂ ਜੀ ਦੀ ਪੰਚ ਪ੍ਰਧਾਨੀ ਵਾਲੀ ਪ੍ਰਥਾ ਦਾ ਪ੍ਰਤੱਖ ਵਿਰੋਧ ਹੈ।
ਤਖਤਾਂ ਦੇ ਪ੍ਰਬੰਧ ਵਾਸਤੇ: ਭਾਵੇਂ ‘ਇੱਕ’ ਜਥੇਦਾਰ ਦੀ ਪਦਵੀ ਦੀ ਬਜਾਇ ‘ਪੰਜ’ ਵਿਦਵਾਨਾਂ ਦੀ ਪੰਚਾਇਤ ਹੋਣੀ ਚਾਹੀਦੀ ਹੈ। ਪਰੰਤੂ, ਜੇ ਤੁਸੀਂ ‘ਇੱਕ’ ਜਥੇਦਾਰ ਦੀ ਪਦਵੀ ਜਰੂਰੀ ਰੱਖਣੀ ਹੀ ਹੋਵੇ, ਤਾਂ ਉਸ ਨਾਲ ਵੱਡੇ ਅਨੁਭਵੀ ਸਲਾਹਕਾਰਾਂ ਦਾ ਮੰਤਰੀ ਮੰਡਲ ਵੀ ਹੋਣਾ ਜਰੂਰੀ ਚਾਹੀਦਾ ਹੈ। ਇਹ ਨਹੀਂ ਕਿ ਚਾਰ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਦੀ ਸਲਾਹ ਲੈ ਕੇ ਜਾਂ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰ ਕੇ, ਜਥੇਦਾਰ ਜੀ ਕੋਈ ਵੱਡਾ ਨਿਰਣੈ ਲੈ ਲੈਣ।
‘ਇੱਕ’ ਜਥੇਦਾਰ ਦੀ ਨਿਯੁਕਤੀ ਵਾਸਤੇ ਹੇਠ ਲਿਖੇ ਸੁਝਾਅ ਹਨ:-

  1. ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ: ਪੰਥ ਦੀਆਂ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਦੀ ਸਹਿਮਤੀ ਨਾਲ ਹੋਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਉੱਪਰ ਅਤੇ ਬਾਕੀ ਤਖਤਾਂ ਉੱਪਰ ਵੀ ਦਮਦਮੀ ਟਕਸਾਲ ਜਾਂ ਐਸੀਆਂ ਸੰਸਥਾਵਾਂ ਦੇ ਤਿਆਰ ਕੀਤੇ ਹੋਏ ਜਥੇਦਾਰ ਹੀ ਲੱਗਣੇ ਚਾਹੀਦੇ ਹਨ; ਮਿਸ਼ਨਰੀ ਸੋਚ ਵਾਲੇ ਜਥੇਦਾਰ ਨਹੀਂ ਲੱਗਣੇ ਚਾਹੀਦੇ। ਕਿਉਂਕਿ, ਉਹ ਪਰੰਪਰਾਗਤ ਸਿੱਖੀ ਦੇ ਸ਼ਰਧਾ ਵਾਲੇ ਸਿਧਾਂਤਾਂ ਨੂੰ ਨਹੀਂ ਮੰਨਦੇ, ਉਲਟਾ ਉਸ ਦੇ ਵਿਰੁੱਧ ਪ੍ਰਚਾਰ ਕਰਦੇ ਹਨ।
  2. ਸ਼੍ਰੋਮਣੀ ਕਮੇਟੀ ਨੂੰ: ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਕਰਮਚਾਰੀ ਨਹੀਂ ਸਮਝਣਾ ਚਾਹੀਦਾ; ਬਲਕਿ, ਇਕ ਸਤਿਕਾਰਯੋਗ ਹਸਤੀ ਮੰਨਣਾ ਚਾਹੀਦਾ ਹੈ। ਬਹੁਤੀ ਵਧੀਆ ਗੱਲ ਹੋਵੇਗੀ, ਜੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਤੋਂ ਕੋਈ ਤਨਖਾਹ ਨਾ ਲੈਣ ਅਤੇ ਪੁਰਾਤਨ ਪਰੰਪਰਾ ਅਨੁਸਾਰ; ਨਿਸ਼ਕਾਮ ਹੋ ਕੇ ਸੇਵਾ ਕਰਨ। ਸ਼੍ਰੋਮਣੀ ਕਮੇਟੀ ਵਲੋਂ, ਉਹਨਾਂ ਨੂੰ ਕੇਵਲ ਜੀਵਨ ਦੀਆਂ ਅਤੇ ਪ੍ਰਬੰਧਕੀ ਕਾਰਜ ਕਰਨ ਦੀਆਂ ਸਹੂਲਤਾਂ ਦਿੱਤੀਆਂ ਜਾਣ, ਪਰ ਉਹ ਸ਼੍ਰੋਮਣੀ ਕਮੇਟੀ ਦੇ ਨੌਕਰ ਨਾ ਹੋਣ।
  3. ਅਕਾਲ ਤਖਤ ਦੇ ਜਥੇਦਾਰ ਦਾ ਮੁੱਖ ਕਰਤੱਵ ਹੈ: ਪੰਥ ਨੂੰ ਚੰਗੀ ਸੇਧ ਦੇਣੀ ਅਤੇ ਪੰਥ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਨੀਤੀਆਂ ਘੜਨੀਆਂ ਅਤੇ ਲਾਗੂ ਕਰਨੀਆਂ, ਕਰਵਾਉਣੀਆਂ। ਸਮੇਂ ਸਮੇਂ ਅਨੁਸਾਰ ਪੰਥ ਵਿੱਚ ਆਈਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਉਹਨਾਂ ਸੰਬੰਧੀ ਕੋਈ ਵਿਸ਼ੇਸ਼ ਨਿਰਣੇ ਲੈਣੇ। ਐਸੇ ਕਾਰਜ ਕਰਨ ਵਾਸਤੇ ਅਤਿਅੰਤ ਸੂਝਵਾਨ, ਮਹਾਨ ਵਿਦਵਾਨ, ਅਨੁਭਵੀ ਸੱਜਣ ਹੋਣੇ ਚਾਹੀਦੇ ਹਨ। ਜੋ ਭਾਵੇਂ ਰਹਿਤ ਮਰਿਆਦਾ ਵਿੱਚ ਬਹੁਤੇ ਪਰਪੱਕ ਨਾ ਵੀ ਹੋਣ, ਪਰੰਤੂ ਉਹ ਆਪਣੇ ਅਨੁਭਵ ਅਤੇ ਵਿੱਦਿਆ ਦੇ ਪੱਖੋਂ ਅਤਿਅੰਤ ਸੂਝਵਾਨ ਅਤੇ ਤਜਰਬੇਕਾਰ ਹੋਣ, ਜੋ ਪੰਥ ਨੂੰ ਸਹੀ ਦਿਸ਼ਾ ਦੇ ਸਕਣ ਅਤੇ ਪ੍ਰਫੁੱਲਿਤ ਕਰ ਸਕਣ। ਇਸ ਲਈ, ਪੰਥ ਨੂੰ ਅਜਿਹੇ ਜਥੇਦਾਰ ਆਗੂ ਦੀ ਲੋੜ ਹੈ; ਜੋ ਦੂਰਅੰਦੇਸ਼ੀ ਹੋਵੇ, ਪ੍ਰਬੰਧਕੀ ਯੋਗਤਾ ਰੱਖਦਾ ਹੋਵੇ, ਪਰਮ ਵਿਦਵਾਨ ਹੋਵੇ, ਬਾਕੀ ਧਰਮਾਂ ਦੀ ਜਾਣਕਾਰੀ ਰੱਖਦਾ ਹੋਵੇ, ਨਿਆਇਕ ਪ੍ਰਣਾਲੀ ਨੂੰ ਸਮਝਦਾ ਹੋਵੇ ਅਤੇ ਦੁਨੀਆਂਦਾਰੀ ਨੂੰ ਵੀ ਸਮਝਦਾ ਹੋਵੇ।
  4. ਅੱਜਕੱਲ੍ਹ ਤਖ਼ਤਾਂ ਦੇ ਜਥੇਦਾਰ ਅਜਿਹੇ ਵਿਅਕਤੀਆਂ ਨੂੰ ਬਣਾਇਆ ਜਾਂਦਾ ਹੈ ਜੋ ਵਧੀਆ ਕਥਾ-ਵਾਚਕ, ਰਹਿਤ ਮਰਿਆਦਾ ਦੇ ਜਾਣਕਾਰ ਅਤੇ ਗੁਰਬਾਣੀ ਦੇ ਪਾਠੀ/ਗਿਆਤਾ ਹੋਣ। ਪਰੰਤੂ, ਪੰਥ ਨੂੰ ਸੇਧ ਦੇਣ ਵਾਲੇ ਜਥੇਦਾਰ ਵਿੱਚ, ਜੇ ਇਹ ਗੁਣ ਥੋੜੇ ਘੱਟ ਵੀ ਹੋਣ; ਤਾਂ ਵੀ ਕੋਈ ਗੱਲ ਨਹੀਂ। ਕਿਉਂ ਕਿ, ਸ਼ੁੱਧ ਗੁਰਬਾਣੀ ਪੜ੍ਹਨੀ, ਰਹਿਤ ਮਰਿਆਦਾ ਰੱਖਣੀ ਅਤੇ ਵਧੀਆ ਕਥਾ ਕਰਨੀ: ਜਾਂ ਪੰਥ ਨੂੰ ਸੇਧ ਦੇਣੀ; ਇਹ ਬਿਲਕੁਲ ਵੱਖੋ-ਵੱਖਰੀਆਂ ਯੋਗਤਾਵਾਂ ਹਨ। ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਤਾਂ ਪੰਥ ਨੂੰ ਸੇਧ ਦੇਣੀ ਹੁੰਦੀ ਹੈ, ਪੰਥ ਨੂੰ ਪ੍ਰਫੁੱਲਿਤ ਕਰਨ ਲਈ ਵਧੀਆ ਪ੍ਰਬੰਧ ਕਰਨਾ ਹੁੰਦਾ ਹੈ। ਭਾਵ: ਇਕ ਪ੍ਰਕਾਰ ਦਾ ਰਾਜਭਾਗ ਚਲਾਉਣਾ ਹੁੰਦਾ ਹੈ। ਜੋ ਕਿ ਕਿਸੇ ਕਥਾ ਵਾਚਕ ਦੇ ਵੱਸ ਦਾ ਕੰਮ ਨਹੀਂ। ਕਥਾਵਾਚਕ ਸਾਡੇ ਵਾਸਤੇ ਸਤਿਕਾਰਯੋਗ ਹਨ। ਪਰੰਤੂ, ਪੰਥ ਨੂੰ ਸੰਭਾਲਣਾ ਬਿਲਕੁਲ ਵੱਖਰਾ ਹੀ ਗੁਣ ਹੈ।
  5. ਪੰਥ ਦੇ ਯੋਧੇ ਅਤਿ ਸਤਿਕਾਰਯੋਗ ਹਨ। ਪਰੰਤੂ, ਅਤਿ ਸਤਿਕਾਰਯੋਗ ਹੁੰਦਿਆਂ ਹੋਇਆਂ ਵੀ, ਉਹ ਸੱਜਣ ਪੰਥ ਨੂੰ ਵਧੀਆ ਸੇਧ ਨਹੀਂ ਦੇ ਸਕਦੇ। ਕਿਉਂਕਿ, ਯੁੱਧ ਕਰਨਾ ਅਤੇ ਕਿਸੇ ਪਾਪੀ ਨੂੰ ਹੱਥੀਂ ਦੰਡ ਦੇਣਾ, ਜਾਂ ਪੰਥ ਨੂੰ ਸੇਧ ਦੇਣੀ: ਇਹ ਦੋਵੇਂ ਪੂਰੀ ਤਰ੍ਹਾਂ ਵੱਖੋ-ਵੱਖਰੀਆਂ ਯੋਗਤਾਵਾਂ ਹਨ। ਅੱਜ ਬਾਬਾ ਦੀਪ ਸਿੰਘ ਅਤੇ ਅਕਾਲੀ ਫੂਲਾ ਸਿੰਘ ਵਾਲਾ ਜੰਗਾਂ-ਯੁੱਧਾਂ ਦਾ ਸਮਾਂ ਨਹੀਂ ਅਤੇ ਜਥੇਦਾਰ ਜੀ ਨੂੰ ਯੁੱਧ ਕਰਨ ਦੀ ਲੋੜ ਵੀ ਨਹੀਂ ਪੈਣੀ। ਜਥੇਦਾਰ ਜੀ ਦੀ ਯੋਗਤਾ: ਚੰਗਾ ਯੋਧਾ ਜਾਂ ਨਿਸ਼ਾਨਚੀ ਹੋਣਾ ਨਹੀਂ; ਬਲਕਿ ਸਿੱਖ ਪੰਥ ਦਾ ਵਧੀਆ ਪ੍ਰਬੰਧ ਕਰਨਾ ਹੈ। ਇਸ ਕਰ ਕੇ, ਯੋਧੇ ਸੱਜਣਾਂ ਨੂੰ ਵੀ ਤਖ਼ਤਾਂ ਦੇ ਜਥੇਦਾਰ ਨਹੀਂ ਬਣਾਉਣਾ ਚਾਹੀਦਾ।
  6. ਤਖਤਾਂ ਦੇ ਜਥੇਦਾਰਾਂ ਦਾ ਸਮਾਂ ਤਿੰਨ ਸਾਲ, ਜਾਂ ਪੰਜ ਸਾਲ: ਪਹਿਲਾਂ ਹੀ ਨਿਰਧਾਰਤ ਹੋਣਾ ਚਾਹੀਦਾ ਹੈ। ਕਿਸੇ ਵੀ ਸਿਆਸੀ ਪ੍ਰਭਾਵ ਕਾਰਣ, ਕਿਸੇ ਜਥੇਦਾਰ ਜੀ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ। ਜੇ ਕਿਸੇ ਜਥੇਦਾਰ ਜੀ ਨੂੰ, ਕਿਸੇ ਵਿਸ਼ੇਸ਼ ਕਾਰਣ ਕਰ ਕੇ, ਹਟਾਉਣਾ ਵੀ ਪਵੇ; ਤਾਂ ਹਟਾਉਣ ਸਮੇਂ ਉਹਨਾਂ ਦੀ ਬੇਇਜ਼ਤੀ ਨਹੀਂ ਹੋਣੀ ਚਾਹੀਦੀ। ਜਿਵੇਂ: ਸਰਵ-ਉੱਚ ਨਯਿਆਲ੍ਯ (ਸੁਪਰੀਮ ਕੋਰਟ) ਆਪਣੇ ਨਿਆਏਧੀਸ਼ਾਂ ਦੀ ਪਿੱਠ ਠੋਕਦੇ ਹਨ ਅਤੇ ਉਹਨਾਂ ਦੀ ਬੇਇਜ਼ਤੀ ਨਹੀਂ ਹੋਣ ਦਿੰਦੇ। ਇਸੇ ਹੀ ਤਰ੍ਹਾਂ, ਸ਼੍ਰੋਮਣੀ ਕਮੇਟੀ ਨੂੰ ਵੀ ਆਪਣੇ ਜਥੇਦਾਰਾਂ ਦੀ ਇੱਜ਼ਤ ਬਣਾ ਕੇ ਰੱਖਣੀ ਜਰੂਰੀ ਹੈ। ਤਖਤਾਂ ਦਾ ਸਤਿਕਾਰ, ਲੋਕਾਂ ਦੇ ਮਨਾਂ ਵਿੱਚ ਬਰਕਰਾਰ ਰੱਖਣ ਵਾਸਤੇ: ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੀ ਬੇਇਜ਼ਤੀ ਨਹੀਂ ਕਰਨੀ ਚਾਹੀਦੀ। ਵਿਸ਼ੇਸ਼: ਜੇ ਕਦੀ ਕਿਸੇ ਜਥੇਦਾਰ ਜੀ ਨੂੰ ਹਟਾਉਣਾ ਹੀ ਪਵੇ, ਤਾਂ ਉਸ ਨੂੰ ਬਹੁਤ ਸਤਿਕਾਰ ਸਹਿਤ, ਸੁਚੱਜੇ ਢੰਗ ਨਾਲ ਹਟਾਉਣਾ ਚਾਹੀਦਾ ਹੈ। ਜਿਵੇ: ਸਰਕਾਰੀ ਅਧਿਕਾਰੀਆਂ ਦੀ ਭਾਵੇਂ ਕਿੰਨੀ ਵੀ ਵੱਡੀ ਗਲਤੀ ਹੋਵੇ, (ਲਗਦੇਚਾਰੇ) ਸਰਕਾਰ ਉਹਨਾਂ ਅਧਿਕਾਰੀਆਂ ਦੀ ਅਤੇ ਸਰਕਾਰੀ ਢਾਂਚੇ ਦੀ ਬੇਇਜ਼ਤੀ ਨਹੀਂ ਹੋਣ ਦਿੰਦੀ। ਇਸੇ ਹੀ ਤਰ੍ਹਾਂ, ਸ਼੍ਰੋਮਣੀ ਕਮੇਟੀ ਦਾ ਵੀ ਕਰਤੱਵ ਬਣਦਾ ਹੈ ਕਿ ਜਥੇਦਾਰ ਸਾਹਿਬਾਨ ਦੀ ਅਤੇ ਆਪਣੇ ਢਾਂਚੇ ਦੀ ਬੇਇਜ਼ਤੀ ਨਾ ਹੋਣ ਦੇਵੇ।
  7. ਸ਼੍ਰੋਮਣੀ ਕਮੇਟੀ ਦੇ ਸਾਰੇ ਪ੍ਰਬੰਧਕ, ਮੈਂਬਰ, ਕਰਮਚਾਰੀ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਪਹਿਰਾਵੇ: ਗੁਰਮੁਖੀ ਹੋਣੇ ਚਾਹੀਦੇ ਹਨ। ਜਿਸ ਤਰਾਂ ਦੇ ਪਹਿਰਾਵੇ ਦਮਦਮੀ ਟਕਸਾਲ ਅਤੇ ਨਿਹੰਗ ਸਿੰਘਾਂ ਦੇ ਜਾਂ ਨਾਮਧਾਰੀ ਸਿੰਘਾਂ ਦੇ ਹੁੰਦੇ ਹਨ। ਜੋ ਪਹਿਰਾਵਾ ਗੁਰੂ ਜੀ ਪਹਿਨਦੇ ਸਨ, ਜੋ ਪੁਰਾਤਨ ਸਿੱਖ ਪਰੰਪਰਾ ਅਨੁਸਾਰ ਗੁਰੂ ਜੀ ਵੱਲੋਂ ਪ੍ਰਵਾਣਿਤ ਹਨ। ਵਿਸ਼ੇਸ਼ ਰੂਪ ਵਿੱਚ: ਚੁੰਝ ਵਾਲੀ ਪੱਗ ਨਹੀਂ ਹੋਣੀ ਚਾਹੀਦੀ; ਸਿੱਧੀ ਗੋਲ ਦਸਤਾਰ ਹੋਣੀ ਚਾਹੀਦੀ ਹੈ। ਜੋ ਸੱਜਣ ਕਹਿੰਦੇ ਹਨ ਕਿ ਆਧੁਨਿਕ ਤਰੀਕੇ ਅਪਣਾਉਣ ਕਰਕੇ, ਗੋਲ ਸਿੱਧੀ ਦਸਤਾਰ ਦੀ ਥਾਂ ਉੱਪਰ, ਚੁੰਝ ਵਾਲੀ ਦਸਤਾਰ ਸਜਾਉਣੀ ਆਧੁਨਿਕਤਾ ਹੈ ਅਤੇ ਠੀਕ ਹੈ। ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ, ਜੇ ਗੋਲ ਦਸਤਾਰ ਦੀ ਥਾਂ ਟੇਢੀ ਚੁੰਝ ਵਾਲੀ ਦਸਤਾਰ ਠੀਕ ਹੈ; ਤਾਂ ਕੀ ਫਿਰ ਜਥੇਦਾਰਾਂ, ਗ੍ਰੰਥੀਆਂ ਅਤੇ ਹੋਰ ਕਰਮਚਾਰੀਆਂ ਵਾਸਤੇ ਚੋਲੇ-ਪਜਾਮੇ ਦੀ ਥਾਂ, ਕੋਟ-ਪੈਂਟ ਆਦਿ ਵੀ ਠੀਕ ਹੈ? ਕਿਉਂਕਿ, ਚੋਲਾ-ਪਜਾਮਾ ਤਾਂ ਆਧੁਨਿਕ ਪਹਿਰਾਵਾ ਨਹੀਂ ਹੈਗਾ। ਫਿਰ, ਸ਼੍ਰੋਮਣੀ ਕਮੇਟੀ ਨੇ ਚੋਲਾ-ਪਜਾਮਾ ਕਿਉਂ ਰੱਖਿਆ ਹੋਇਆ ਹੈ? ਉਹ ਵੀ ਛੱਡ ਕੇ; ਸ਼੍ਰੋਮਣੀ ਕਮੇਟੀ ਦੇ ਸਾਰੇ ਪ੍ਰਬੰਧਕਾਂ, ਮੈਂਬਰਾਂ, ਕਰਮਚਾਰੀਆਂ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਆਦਿ ਸਾਰਿਆਂ ਨੂੰ ਹੀ ਕੋਟ, ਪੈਟ, ਟਾਈ ਆਦਿ ਪੱਛਮੀ ਪਹਿਰਾਵਾ ਪਹਿਨ ਲੈਣਾ ਚਾਹੀਦਾ ਹੈ!
    ਅੰਤ ਵਿੱਚ ਸੂਬਾ ਅਮਰੀਕ ਸਿੰਘ ਜੀ ਨੇ ਕਿਹਾ ਕਿ ਅਸੀਂ ਨਾਮਧਾਰੀ ਸਿੱਖ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਜਥੇਦਾਰ ਜੀ ਦੀ ਨਿਯੁਕਤੀ ਵਾਸਤੇ, ਨਿਰਪੱਖ ਹੋ ਕੇ ਵੱਖੋ ਵੱਖ ਜਥੇਬੰਦੀਆਂ ਤੋਂ ਸੁਝਾਅ ਮੰਗੇ ਹਨ ਅਤੇ ਆਸ ਕਰਦੇ ਹਾਂ ਕਿ ਇਹਨਾਂ ਸੁਝਾਵਾਂ ਨੂੰ ਅਮਲੀ ਰੂਪ ਜਰੂਰ ਦਿੱਤਾ ਜਾਵੇਗਾ।
By Gurpreet Singh

Leave a Reply

Your email address will not be published. Required fields are marked *