ਪੰਜਾਬ ਦੇ ਪਹਿਲੇ ਸਟੇਟ ਹਾਈਵੇਅ ਟਰੌਮਾ ਸੈਂਟਰ ਦਾ ਨੀਂਹ ਪੱਥਰ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਸੂਬੇ ਦਾ ਪਹਿਲਾ ਸਟੇਟ ਹਾਈਵੇਅ ਟਰੌਮਾ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ। ਦਸ ਬੈੱਡਾਂ ਵਾਲੇ ਟਰੌਮਾ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਬ-ਡਿਵੀਜ਼ਨਲ ਹਸਪਤਾਲ ਵਿੱਚ ਰੱਖਿਆ।
ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਸਿਰਫ਼ ਪੰਜ ਟਰੌਮਾ ਸੈਂਟਰ ਜਲੰਧਰ, ਖੰਨਾ, ਪਠਾਨਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਚੱਲ ਰਹੇ ਹਨ। ਇਹ ਸਾਰੇ ਪੰਜ ਸੈਂਟਰ ਨੈਸ਼ਨਲ ਹਾਈਵੇਅ ’ਤੇ ਸਥਿਤ ਹਨ। ਸੁਨਾਮ ਵਿੱਚ ਬਣਨ ਵਾਲਾ ਟਰੌਮਾ ਸੈਂਟਰ ਸੂਬੇ ਦਾ ਪਹਿਲਾ ਸਟੇਟ ਹਾਈਵੇਅ ਟਰੌਮਾ ਸੈਂਟਰ ਹੋਵੇਗਾ। ਇੱਥੇ ਪੂਰੇ ਮਾਲਵਾ ਖੇਤਰ ਤੋਂ ਚੰਡੀਗੜ੍ਹ ਤੱਕ ਸੜਕ ਹਾਦਸਿਆਂ ਦੇ ਪੀੜਤਾਂ ਲਈ ਮੁੱਢਲੀ ਸਹਾਇਤਾ ਦੇ ਨਾਲ-ਨਾਲ ਮੁਕੰਮਲ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੈਂਟਰ ਬਣਨ ਨਾਲ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਮਿਲੇਗੀ। ਸੈਂਟਰ ਦੀ ਇਮਾਰਤ ਦਾ ਕੰਮ ਅਗਲੇ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 19 ਕਰੋੜ ਰੁਪਏ ਦੇ ਕਰੀਬ ਫੰਡ ਇਕੱਲੇ ਸੁਨਾਮ ਹਸਪਤਾਲ ਵਿੱਚ ਖਰਚੇ ਜਾ ਚੁੱਕੇ ਹਨ। ਇਸ ਮੌਕੇ ਐੱਸਡੀਐੱਮ ਮਨਜੀਤ ਕੌਰ, ਸਿਵਲ ਸਰਜਨ ਡਾ. ਸੰਜੈ ਕਾਮਰਾ, ਐੱਸਡੀਓ ਸੰਜੀਵ ਕੁਮਾਰ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਹਲਕਾ ਸੰਗਠਨ ਇੰਚਾਰਜ ਅਵਤਾਰ ਸਿੰਘ ਈਲਵਾਲ, ਮਨਪ੍ਰੀਤ ਬਾਂਸਲ, ਮਨੀ ਸਰਾਓ ਤੇ ਹੋਰ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *