ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਜ਼ੰਸਕਾਰ ਸਮੇਤ ਲੱਦਾਖ ਤੇ ਜੰਮੂ-ਕਸ਼ਮੀਰ ਭਰ ਵਿੱਚ ਹੋਈ ਬਾਰਿਸ਼ ਨੇ ਸ਼ਨੀਵਾਰ ਨੂੰ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ।

ਗੁਲਮਰਗ ਵਿੱਚ ਸਭ ਤੋਂ ਵੱਧ 35.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਇਸ ਤੋਂ ਬਾਅਦ ਕੋਕਰਨਾਗ (33.2 ਮਿਲੀਮੀਟਰ), ਕੁਪਵਾੜਾ (20 ਮਿਲੀਮੀਟਰ) ਅਤੇ ਸ੍ਰੀਨਗਰ (18.3 ਮਿਲੀਮੀਟਰ) ‘ਚ ਵੀ ਵਰਖਾ ਦਰਜ ਕੀਤੀ ਗਈ। ਜ਼ੰਸਕਾਰ ਵਿੱਚ ਵੀ ਬਰਫ਼ਬਾਰੀ ਹੋਈ, ਜਿਸ ਨਾਲ ਅਪ੍ਰੈਲ ਮਹੀਨੇ ‘ਚ ਲੋਕਾਂ ਨੂੰ ਦਸੰਬਰ-ਜਨਵਰੀ ਵਰਗਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਭਾਰੀ ਬਾਰਿਸ਼ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਅਤੇ ਕਈ ਮੁੱਖ ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ। ਇਨ੍ਹਾਂ ਵਿੱਚ ਸ਼੍ਰੀਨਗਰ-ਸੋਨਾਮਾਰਗ-ਗੁਮਰੀ (SSG), ਲੱਦਾਖ, ਮੁਗਲ ਰੋਡ, ਬਾਂਦੀਪੋਰਾ-ਗੁਰੇਜ਼ ਰੋਡ, ਸਿੰਥਨ ਰੋਡ ਅਤੇ ਜ਼ੰਸਕਾਰ ਨੂੰ ਜੋੜਨ ਵਾਲੀਆਂ ਸੜਕਾਂ ਸ਼ਾਮਲ ਹਨ। ਹਾਲਾਂਕਿ, ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਚਾਲੂ ਹੈ।

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 20 ਅਪ੍ਰੈਲ ਦੀ ਸ਼ਾਮ ਤੋਂ ਮੌਸਮ ‘ਚ ਸੁਧਾਰ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਨੂੰ 21 ਅਪ੍ਰੈਲ ਤੱਕ ਖੇਤੀਬਾੜੀ ਦੇ ਕੰਮਾਂ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਗਈ ਹੈ।