ਗੁਰਪ੍ਰੀਤ ਸਿੰਘ :- ਹਰੀਕੇ ਪੱਤਣ ਵਿਖੇ ਗਾਂਧੀ ਜਯੰਤੀ ਮੌਕੇ 2 ਅਕਤੂਬਰ ਨੂੰ ਡਰਾਈ-ਡੇ ਹੋਣ ਦੇ ਬਾਵਜੂਦ ਕੌਮੀ ਸ਼ਾਹ ਮਾਰਗ-54 ’ਤੇ ਕੁਝ ਸ਼ਰਾਬ ਦੇ ਠੇਕੇ ਸ਼ਾਮ ਕਰੀਬ 5 ਵਜੇ ਖੁੱਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈ-ਡੇ ਦੌਰਾਨ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਦੇ ਬਾਵਜੂਦ ਠੇਕੇ ਖੁੱਲ੍ਹੇ ਹੋਣ ਦੀਆਂ ਤਸਵੀਰਾਂ ’ਤੇ ਜਾਣਕਾਰੀ ਸਾਹਮਣੇ ਆਉਣ ਮਗਰੋਂ ਐਕਸਾਈਜ਼ ਵਿਭਾਗ ਦੀ ਨਿਗਰਾਨੀ ਅਤੇ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ਪੰਜਾਬ ਦੀ ਐਕਸਾਈਜ਼ ਪਾਲਿਸੀ 2026-27 ਵਿਚ ਸਰਕਾਰ ਵੱਲੋਂ ਕਿਸੇ ਵੀ ਦਿਨ ਨੂੰ ਡਰਾਈ-ਡੇ ਐਲਾਨੇ ਜਾਣ ਦੀ ਵਿਵਸਥਾ ਦਰਜ ਹੈ। ਇਸ ਦੇ ਬਾਵਜੂਦ ਗਾਂਧੀ ਜਯੰਤੀ ਵਾਲੇ ਦਿਨ ਠੇਕੇ ਖੁੱਲ੍ਹਣ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਕਿ ਡਰਾਈ-ਡੇ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਵਿਭਾਗ ਮੌਕੇ ’ਤੇ ਕਿੱਥੇ ਸੀ। ਹੈਰਾਨੀ ਦੀ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਠੇਕੇ ਖੁੱਲ੍ਹਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਠੇਕੇ ਬੰਦ ਕਰਵਾਉਣ ਲਈ ਫੋਨ ਆਉਂਦੇ ਰਹੇ। ਇਸ ਦੇ ਬਾਵਜੂਦ ਕੌਮੀ ਸ਼ਾਹ ਮਾਰਗ-54 ’ਤੇ ਕੁਝ ਠੇਕੇ ਖੁੱਲ੍ਹੇ ਰਹਿਣ ਦੇ ਦਾਅਵਿਆਂ ਨੇ ਵਿਭਾਗੀ ਕਾਰਵਾਈ ’ਤੇ ਸਵਾਲ ਹੋਰ ਗੰਭੀਰ ਕਰ ਦਿੱਤੇ ਹਨ। ਮਾਮਲੇ ਨੂੰ ਲੈ ਕੇ ਵਿਭਾਗ ਦੀ ਕਥਿਤ ਮਿਲੀਭੁਗਤ ਕਹੀਏ ਜਾਂ ਠੇਕੇਦਾਰਾਂ ਦੀਆਂ ਮਨਮਾਨੀਆਂ ਮੂਹਰੇ ਬੇਵੱਸੀ, ਗੱਲ ਇਕ ਹੀ ਹੈ। ਇਸ ਸਬੰਧੀ ਈਟੀਓ ਇੰਦਰਜੀਤ ਸਿੰਘ ਸਹਿਜਰਾ ਨਾਲ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਨੈੱਟਵਰਕ ਤੋਂ ਬਾਹਰ ਬੋਲਦਾ ਰਿਹਾ। ਜਦੋਂਕਿ ਮਾਮਲੇ ਸਬੰਧੀ ਸਟੇਟ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਬੰਧਿਤ ਈਟੀਓ ਤੋਂ ਰਿਪੋਰਟ ਲਈ ਜਾਵੇਗੀ ਅਤੇ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਾ ਬਣਦਾ ਹੈ ਕਿ ਠੇਕੇਦਾਰਾ ਵੱਲੋਂ ਅਕਸਰ ਆਬਕਾਰੀ ਵਿਭਾਗ ਦੀਆਂ ਨੀਤੀਆਂ ਤੇ ਆਦੇਸ਼ਾਂ ਨੂੰ ਦਰਕਿਨਾਰ ਕਰਨ ਦੀਆਂ ਕਥਿਤ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਠੇਕਾ ਬੰਦੀ ਵਾਲੇ ਦਿਨ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਵਰਗੀਆਂ ਮਨਮਾਨੀਆਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਪਰ ਇਸ ਦੇ ਬਾਵਜੂਦ ਜਾਂਚ ਦੇ ਨਾਂ ’ਤੇ ਕਾਰਵਾਈ ਠੰਢੇ ਬਸਤੇ ਵਿਚ ਚਲੀ ਜਾਂਦੀ ਹੈ। ਹੁਣ ਦੇਖਣਾ ਇਹ ਹੈ ਕਿ ਡਰਾਈ-ਡੇ ਦੀ ਕਥਿਤ ਉਲੰਘਣਾ ’ਤੇ ਵਿਭਾਗ ਸਿਰਫ਼ ਰਿਪੋਰਟ ਤਕ ਸੀਮਤ ਰਹਿੰਦਾ ਹੈ ਜਾਂ ਜ਼ਿੰਮੇਵਾਰੀ ਤੈਅ ਕਰਦਿਆਂ ਨਿਯਮਾਂ ਅਨੁਸਾਰ ਅਸਲ ਕਾਰਵਾਈ ਵੀ ਹੁੰਦੀ ਹੈ।
ਗਾਂਧੀ ਜਯੰਤੀ ਤੇ ਪਾਬੰਦੀ ਦੀਆਂ ਉੱਡੀਆਂ ਧੱਜੀਆਂ, ਡਰਾਈ-ਡੇ ਦੇ ਬਾਵਜੂਦ ਸ਼ਾਮ 5 ਵਜੇ ਖੁੱਲ੍ਹ ਗਏ ਠੇਕੇ
