ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਦੀ ਤਬੀਅਤ ਵਿਗੜੀ

ਬਠਿੰਡਾ- ਵਿਦੇਸ਼ ’ਚ ਬੈਠੇ ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ, ਜਿਨ੍ਹਾਂ ਨੂੰ ਮੁਕਤਸਰ ਪੁਲਸ ਨੇ ਇਕ ਮਾਮਲੇ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਹੋਇਆ ਸੀ, ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਪੇਟ ਨਾਲ ਸਬੰਧਿਤ ਗੰਭੀਰ ਸਮੱਸਿਆ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12 ਵਜੇ ਮੁਕਤਸਰ ਪੁਲਸ ਦੀ ਟੀਮ ਸ਼ਮਸ਼ੇਰ ਸਿੰਘ ਨੂੰ ਸਖਤ ਸੁਰੱਖਿਆ ਹੇਠ ਬਠਿੰਡਾ ਲੈ ਕੇ ਆਈ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਮੈਡੀਕਲ ਮੁਆਇਨਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।

ਹਸਪਤਾਲੀ ਸੂਤਰਾਂ ਅਨੁਸਾਰ ਸ਼ਮਸ਼ੇਰ ਸਿੰਘ ਨੂੰ ਪੇਟ ਦੀ ਤਕਲੀਫ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਲੋੜ ਪੈਣ ’ਤੇ ਹੋਰ ਮੈਡੀਕਲ ਟੈਸਟ ਵੀ ਕੀਤੇ ਜਾ ਸਕਦੇ ਹਨ।

ਉਧਰ, ਹਸਪਤਾਲ ਦੇ ਬਾਹਰ ਪੁਲਸ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ। ਮੁਕਤਸਰ ਪੁਲਸ ਦੇ ਅਧਿਕਾਰੀ ਵੀ ਹਸਪਤਾਲ ’ਚ ਮੌਜੂਦ ਹਨ ਤਾਂ ਜੋ ਕਾਨੂੰਨੀ ਕਾਰਵਾਈ ’ਚ ਕੋਈ ਰੁਕਾਵਟ ਨਾ ਆਵੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਅਗਲਾ ਫੈਸਲਾ ਲਿਆ ਜਾਵੇਗਾ।

ਗੌਰਤਲਬ ਹੈ ਕਿ ਗੋਲਡੀ ਬਰਾੜ ਦਾ ਨਾਂ ਕਈ ਵੱਡੇ ਅਪਰਾਧਿਕ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਇਸ ਸਮੇਂ ਵਿਦੇਸ਼ ’ਚ ਮੌਜੂਦ ਹੈ। ਇਸ ਕਰ ਕੇ ਉਸਦੇ ਪਿਤਾ ਦੀ ਗ੍ਰਿਫਤਾਰੀ ਅਤੇ ਹੁਣ ਤਬੀਅਤ ਖਰਾਬ ਹੋਣ ਦੀ ਖਬਰ ਨੂੰ ਲੈ ਕੇ ਇਲਾਕੇ ਅਤੇ ਸੁਰੱਖਿਆ ਏਜੰਸੀਆਂ ’ਚ ਖਾਸ ਚਰਚਾ ਬਣੀ ਹੋਈ ਹੈ। ਫਿਲਹਾਲ ਸ਼ਮਸ਼ੇਰ ਸਿੰਘ ਦਾ ਇਲਾਜ ਜਾਰੀ ਹੈ ਅਤੇ ਪੁਲਸ ਵੱਲੋਂ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ।

By Gurpreet Singh

Leave a Reply

Your email address will not be published. Required fields are marked *