ਨੈਸ਼ਨਲ ਟਾਈਮਜ਼ ਬਿਊਰੋ :- ਘੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਹੜਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਲਗਾਤਾਰ ਬਾਰਿਸ਼ ਤੇ ਪਿੱਛੋਂ ਆ ਰਹੇ ਭਾਰੀ ਪਾਣੀ ਦੇ ਦਬਾਵ ਕਾਰਨ ਅੱਜ ਸ਼ਾਮ ਘੱਗਰ ਦਾ ਲੈਵਲ 16 ਫੁੱਟ ਤੱਕ ਪਹੁੰਚ ਗਿਆ ਹੈ ਤੇ ਇਸ ਵੇਲੇ ਵੀ ਸਥਿਰ ਹੈ। ਹਾਲਾਂਕਿ ਪਾਣੀ ਦੀ ਨਿਕਾਸੀ ਜਾਰੀ ਹੈ ਪਰ ਵੱਖ-ਵੱਖ ਸੋਮਿਆਂ ਰਾਹੀਂ ਆ ਰਹੇ ਭਾਰੀ ਪਾਣੀ ਨੇ ਖਤਰਾ ਵਧਾ ਦਿੱਤਾ ਹੈ।
ਅੱਜ ਰਾਤ ਸਰਾਲਾ ਹੈਡ ਨੇੜੇ ਪਿੰਡ ਲਾਛੜੂ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਫੌਜ, ਐਨਡੀਆਰਐਫ, ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝਾ ਰਾਹਤ ਕੈਂਪ ਸਥਾਪਿਤ ਕੀਤਾ ਗਿਆ। ਇਸ ਮੌਕੇ ਰਾਜਪੁਰਾ ਦੇ ਐਸਡੀਐਮ ਅਵੀਕੇਸ਼ ਗੁਪਤਾ ਨੇ ਕਿਹਾ ਕਿ ਘੱਗਰ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਆਉਣ ਵਾਲੇ ਕੁਝ ਘੰਟੇ ਬੇਹੱਦ ਅਹਿਮ ਹੋਣਗੇ।
ਹੜਾਂ ਨਾਲ ਨਿਪਟਣ ਲਈ ਫੌਜ ਦੀ ਇੱਕ ਟੀਮ ਦੇ 60 ਜਵਾਨ ਅਤੇ ਐਨਡੀਆਰਐਫ ਦੀ ਇੱਕ ਟੀਮ ਦੇ 30 ਜਵਾਨ ਤੈਨਾਤ ਕੀਤੇ ਗਏ ਹਨ। ਇਹਨਾਂ ਟੀਮਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਕੁੱਲ 21 ਪਿੰਡਾਂ ਵਿੱਚ ਤੈਨਾਤ ਕੀਤਾ ਗਿਆ ਹੈ। ਐਸਡੀਐਮ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਕਿਸੇ ਨੂੰ ਵੀ ਮਦਦ ਦੀ ਲੋੜ ਪਈ ਤਾਂ ਤੁਰੰਤ ਰਾਹਤ ਪਹੁੰਚਾਈ ਜਾਵੇਗੀ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਉੱਪਰ ਅਫਵਾਹਾਂ ਤੋਂ ਬਚਣ, ਦਰਿਆਵਾਂ ਦੇ ਕੰਢੇ ਨਾ ਜਾਣ ਅਤੇ ਸਾਵਧਾਨੀ ਵਰਤਣ। ਜੇ ਹੜਾਂ ਦੀ ਸਥਿਤੀ ਹੋਰ ਗੰਭੀਰ ਹੁੰਦੀ ਹੈ ਤਾਂ ਲੋਕ ਤੁਰੰਤ ਸੁਰੱਖਿਅਤ ਥਾਵਾਂ ਉੱਪਰ ਚਲੇ ਜਾਣ।
