ਨੈਸ਼ਨਲ ਟਾਈਮਜ਼ ਬਿਊਰੋ :- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਲੰਬੇ ਸਮੇਂ ਤੋਂ ਵੱਖ-ਵੱਖ ਦਫਤਰਾਂ ਵਿੱਚ ਹੋ ਰਹੀ ਖੱਜਲ ਖ਼ੁਆਰੀ ਅਤੇ ਪ੍ਰਬੰਧਕੀ ਗੜਬੜੀਆਂ ਨੂੰ ਲੈ ਕੇ ਅਸੰਤੋਸ਼ੀ ਜਾਹਰ ਕੀਤੀ ਜਾ ਰਹੀ ਹੈ। ਇਸ ਮਾਹੌਲ ਵਿਚ ਅੱਜ ਵਿਦਿਆਰਥੀ ਸੰਗਠਨ ਸੱਥ ਨੇ ਡੀਨ ਵਿਦਿਆਰਥੀ ਭਲਾਈ ਦਫਤਰ ਦੇ ਸਾਹਮਣੇ ਇਕ ਪ੍ਰਦਰਸ਼ਨ ਕਰਦਿਆਂ ਦਫਤਰ ਦਾ ਘਿਰਾਓ ਕੀਤਾ ਅਤੇ ਇਸ ਦਫਤਰ ਨੂੰ ਬੰਦ ਕਰ ਦਿੱਤਾ। ਇਸ ਕਾਰਵਾਈ ਦਾ ਮਕਸਦ ਵਿਦਿਆਰਥੀਆਂ ਦੇ ਵੱਖ-ਵੱਖ ਮੁੱਦਿਆਂ ਨੂੰ ਉੱਚ ਅਧਿਕਾਰੀਆਂ ਸਾਹਮਣੇ ਰੱਖਣਾ ਸੀ।

ਸੱਥ ਦੇ ਨੁਮਾਇੰਦਿਆਂ ਨੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਵਿੰਦਰ ਸਿੰਘ ਸੈਣੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਡੀਨ ਵੱਲੋਂ ਗੱਲਬਾਤ ਦੌਰਾਨ ਸੱਥ ਦੇ ਕਾਰਕੁੰਨਾ ਨਾਲ ਬਦਤਮੀਜ਼ੀ ਅਤੇ ਬਦਕਲਾਮੀ ਕੀਤੀ ਗਈ, ਜਿਸ ਕਾਰਨ ਸੰਵਾਦ ਅਸਫਲ ਰਹਿ ਗਿਆ। ਇਸ ਮੌਕੇ ‘ਤੇ ਵਿਦਿਆਰਥੀ ਗਰੁੱਪ ਨੇ ਆਪਣੇ ਮੁੱਖ ਮੰਗਾਂ ਨੂੰ ਜੋਰਾਂ ਸ਼ੋਰਾਂ ਨਾਲ ਪੇਸ਼ ਕੀਤਾ।
ਸੱਥ ਵੱਲੋਂ ਯੂਨੀਵਰਸਿਟੀ ਦੀਆਂ ਕੁੱਲ ਹੋਸਟਲ ਸੀਟਾਂ ਅਤੇ ਇਸ ਸਮੇਂ ਖਾਲੀ ਪਈਆਂ ਸੀਟਾਂ ਦੀ ਪੂਰੀ ਸੂਚੀ ਨਗਰਿਕਾਂ ਦੇ ਸਾਹਮਣੇ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ-ਨਾਲ, ਸਾਲਾਨਾ ਹੋਸਟਲ ਖਾਲੀ ਕਰਾਉਣ ਦੀ ਵਰਤਮਾਨ ਬੇਲੋੜੀ ਅਤੇ ਬੇਕਾਰ ਰਵਾਇਤ ਨੂੰ ਖ਼ਤਮ ਕਰਕੇ ਹੋਸਟਲ ਆਵਾਸ ਦੇ ਮਾਮਲੇ ਨੂੰ ਜਲਦੀ ਅਤੇ ਸੁਗਮ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਵਿਦਿਆਰਥੀਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹੋਸਟਲ ਦੇ ਆਵਾਸ ਲਈ ਗੈਸਟ ਬੇਸਿਸ ‘ਤੇ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ, ਜਿਸ ਤਰ੍ਹਾਂ ਹੋਰ ਵੱਡੀਆਂ ਯੂਨੀਵਰਸਿਟੀਆਂ ਵਿੱਚ ਹੁੰਦੀ ਹੈ, ਤਾਂ ਜੋ ਮਿਆਦ ਬੰਨ੍ਹ ਕੇ ਹੋਸਟਲ ਲੈਣ ਦੀ ਪੇਚੀਦਗੀਆਂ ਤੋਂ ਬਚਿਆ ਜਾ ਸਕੇ।

ਇਸਦੇ ਇਲਾਵਾ, ਸੱਥ ਨੇ ਨਿਵੇਦਨ ਕੀਤਾ ਕਿ ਹੋਸਟਲ ਦੀਆਂ ਬਣਾਵਟ ਦੀਆਂ ਖਰਚਾਂ ਨੂੰ ਘਟਾ ਕੇ ਨਵੇਂ ਹੋਸਟਲਾਂ ਦਾ ਕੰਮ ਜਲਦੀ ਅਤੇ ਪ੍ਰਮਾਣਿਕ ਤਰੀਕੇ ਨਾਲ ਕੀਤਾ ਜਾਵੇ, ਤਾਂ ਜੋ ਹੋਸਟਲਾਂ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾ ਸਕੇ।
ਇਕ ਵੱਡਾ ਮੁੱਦਾ ਜੋ ਵਿਦਿਆਰਥੀਆਂ ਨੇ ਉਠਾਇਆ, ਉਹ ਯੂਨੀਵਰਸਿਟੀ ਵਿੱਚ ਸਰਕਾਰੀ ਸਮਾਗਮਾਂ ਅਤੇ ਪ੍ਰੋਗਰਾਮਾਂ ਕਾਰਨ ਹੋ ਰਹੀ ਪ੍ਰਬੰਧਕੀ ਗੜਬੜਾਂ ਦਾ ਹੈ। ਸੱਥ ਵੱਲੋਂ ਅਪੀਲ ਕੀਤੀ ਗਈ ਕਿ ਸਰਕਾਰੀ ਸਮਾਗਮਾਂ ਦੇ ਕਾਰਨ ਵਿਦਿਆਰਥੀਆਂ ਦੇ ਮੁੱਦਿਆਂ ਦਾ ਹੱਲ ਪਿੱਛੇ ਨਾ ਰਹਿ ਜਾਵੇ ਅਤੇ ਅਗਲੇ ਸਮੇਂ ਲਈ ਯੂਨੀਵਰਸਿਟੀ ਪ੍ਰਬੰਧਨ ਸਰਕਾਰੀ ਪ੍ਰੋਗਰਾਮਾਂ ਤੋਂ ਧਿਆਨ ਹਟਾ ਕੇ ਵਿਦਿਆਰਥੀ ਸੇਵਾਵਾਂ ਨੂੰ ਪ੍ਰਾਥਮਿਕਤਾ ਦੇਵੇ। ਇਸਦੇ ਨਾਲ ਹੀ, ਸੱਥ ਨੇ ਸਰਕਾਰ ਕੋਲੋਂ ਨਵੇਂ ਹੋਸਟਲ ਬਣਾਉਣ ਲਈ ਵਿੱਤੀ ਗਰਾਂਟ ਦੀ ਮੰਗ ਵੀ ਕੀਤੀ ਹੈ।
ਜਦੋਂ ਵਿਦਿਆਰਥੀ ਜੱਥੇਬੰਦੀ ਸੱਥ ਨੇ ਇਹ ਸਾਰੇ ਮੁੱਦੇ ਡੀਨ ਸਾਹਿਬ ਸਾਹਮਣੇ ਰੱਖੇ, ਤਾਂ ਡੀਨ ਵਿਦਿਆਰਥੀ ਭਲਾਈ ਦਫਤਰ ਛੱਡ ਕੇ ਬਿਨਾਂ ਕੋਈ ਸੰਤੋਸ਼ਜਨਕ ਜਵਾਬ ਦਿੱਤੇ ਬਹੁਤ ਹੀ ਨਿਰਾਸ਼ਾਜਨਕ ਤਰੀਕੇ ਨਾਲ ਮੌਕਾ ਛੱਡ ਕੇ ਚਲੇ ਗਏ। ਉਨ੍ਹਾਂ ਨੇ ਵਿਦਿਆਰਥੀਆਂ ਉੱਤੇ ਅਣਚਾਹੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਮਸਲਾ ਮੇਰੇ ਖੇਤਰ ਵਿੱਚ ਨਹੀਂ ਆਉਂਦਾ ਅਤੇ ਮੈਂ ਇਸਦਾ ਹੱਲ ਨਹੀਂ ਕਰ ਸਕਦਾ।
ਇਸ ਘਟਨਾ ਦੇ ਬਾਅਦ ਸੱਥ ਨੇ ਕਿਹਾ ਕਿ ਅਹੁਦੇਦਾਰ ਜੇ ਇਨਸਾਫ ਕਰਨ ਵਿੱਚ ਅਸਮਰਥ ਹਨ, ਤਾਂ ਉਹ ਆਪਣੇ ਅਹੁਦੇ ਤੋਂ ਹਟਾ ਦਿੱਤੇ ਜਾਣ ਤਾਂ ਜੋ ਕੋਈ ਜਿੰਮੇਵਾਰ ਵਿਅਕਤੀ ਵਿਦਿਆਰਥੀਆਂ ਦੇ ਮਸਲੇ ਬਿਨਾਂ ਕਿਸੇ ਰੁਕਾਵਟ ਦੇ ਹੱਲ ਕਰ ਸਕੇ।
ਵਿਦਿਆਰਥੀ ਸੰਗਠਨ ਸੱਥ ਨੇ ਆਪਣੇ ਆਗੂਆਂ ਦੇ ਨਾਲ ਆਉਣ ਵਾਲੇ ਦਿਨਾਂ ਚ ਹੋਰ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਅਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਦੇ ਸੱਤ ਸਾਲਾਂ ਤੋਂ ਜਮ੍ਹਾਂ ਹੋਏ ਮੁੱਦੇ ਅੰਤ ਵਿੱਚ ਹੱਲ ਹੋ ਸਕਣ।

