ਬਿਜਲੀ ਉਪਭੋਗਤਾਵਾਂ ਲਈ ਖੁਸ਼ਖਬਰੀ, ਇਸ ਸੂਬੇ ਦੀ ਸਰਕਾਰ ਨੇ ਘਟਾਈਆਂ ਬਿਜਲੀ ਦੀਆਂ ਕੀਮਤਾਂ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਰਾਸ਼ਟਰ ਵਾਸੀਆਂ ਨੂੰ ਸੂਬੇ ਦੀ ਸਰਕਾਰ ਨੇ ਵੱਡੀ ਖੁਸ਼ ਖ਼ਬਰੀ ਦਿੱਤੀ ਹੈ। ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਦੇਰ ਰਾਤ ਐਲਾਨ ਕੀਤਾ ਕਿ ਅਗਲੇ ਪੰਜ ਸਾਲਾਂ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ 26 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ। ਪਹਿਲੇ ਸਾਲ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ, ਜੋ ਕਿ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ।

ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

ਫੜਨਵੀਸ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਇਹ ਖੁਸ਼ ਖ਼ਬਰੀ ਲੋਕਾਂ ਨੂੰ ਦਿੱਤੀ ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਿਜਲੀ ਦੀਆਂ ਕੀਮਤਾਂ ਵਿੱਚ 10% ਦੀ ਕਮੀ ਕੀਤੀ ਜਾਵੇਗੀ ਅਤੇ ਪੰਜ ਸਾਲਾਂ ਵਿੱਚ 26% ਦੀ ਕਮੀ ਹੋਵੇਗੀ।’ ਉਨ੍ਹਾਂ ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ (MERC) ਦਾ ਧੰਨਵਾਦ ਕੀਤਾ, ਜਿਸਨੇ ਮਹਾਵਿਤਰਨ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ।

ਪਹਿਲੀ ਵਾਰ ਮਿਲੀ ਇਹ ਛੋਟ

ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਦਰਾਂ ਵਿੱਚ 10 ਪ੍ਰਤੀਸ਼ਤ ਵਾਧੇ ਲਈ MERC ਨੂੰ ਪਟੀਸ਼ਨਾਂ ਸੌਂਪੀਆਂ ਗਈਆਂ ਸਨ ਪਰ, ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ, ਮਹਾਵਿਤਰਨ ਨੇ ਬਿਜਲੀ ਦਰਾਂ ਘਟਾਉਣ ਲਈ ਇੱਕ ਪਟੀਸ਼ਨ ਦਾਇਰ ਕੀਤੀ, ਜਿਸਨੂੰ MERC ਨੇ ਸਵੀਕਾਰ ਕਰ ਲਿਆ। ਇਹ ਹੁਕਮ ਘਰੇਲੂ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਦੀਆਂ ਤਿੰਨੋਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ 70 ਪ੍ਰਤੀਸ਼ਤ ਖਪਤਕਾਰ ਜੋ 100 ਯੂਨਿਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਲਈ ਦਰ ਵੱਧ ਤੋਂ ਵੱਧ 10 ਪ੍ਰਤੀਸ਼ਤ ਤੱਕ ਘਟਾਈ ਜਾਵੇਗੀ। ਫੜਨਵੀਸ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸੌਰ ਕ੍ਰਿਸ਼ੀ ਵਾਹਿਨੀ ਯੋਜਨਾ 2.0 ‘ਤੇ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਉਣ ਵਾਲੇ ਸਮੇਂ ਵਿੱਚ, ਬਿਜਲੀ ਖਰੀਦ ਸਮਝੌਤਿਆਂ ਵਿੱਚ ਹਰੀ ਊਰਜਾ ‘ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ, ਜਿਸ ਨਾਲ ਬਿਜਲੀ ਖਰੀਦ ਦੀ ਲਾਗਤ ਬਚੇਗੀ।’

ਕਿੰਨਾ ਹੋਵੇਗਾ ਫਾਇਦਾ

ਜ਼ਿਕਰਯੋਗ ਹੈ ਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਸੂਬੇ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ 26 ਪ੍ਰਤੀਸ਼ਤ ਦੀ ਕਮੀ ਆਵੇਗੀ। ਹਾਲਾਂਕਿ, ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਕਟੌਤੀ ਦਿੱਲੀ ਵਾਂਗ ਸਬਸਿਡੀ ਦੇ ਕੇ ਕੀਤੀ ਜਾਵੇਗੀ ਜਾਂ ਸਰਕਾਰ ਬਿਜਲੀ ਦੀ ਪ੍ਰਤੀ ਯੂਨਿਟ ਦਰ ਘਟਾਏਗੀ। ਜੇਕਰ ਉਪਭੋਗਤਾ ਦਾ ਬਿੱਲ ਇਸ ਸਮੇਂ 1000 ਰੁਪਏ ਪ੍ਰਤੀ ਮਹੀਨਾ ਆ ਰਿਹਾ ਹੈ, ਤਾਂ ਇਸ ਬਦਲਾਅ ਤੋਂ ਬਾਅਦ ਇਹ 26 ਪ੍ਰਤੀਸ਼ਤ ਯਾਨੀ 740 ਰੁਪਏ ਘੱਟ ਜਾਵੇਗਾ।

By Gurpreet Singh

Leave a Reply

Your email address will not be published. Required fields are marked *