ਨੈਸ਼ਨਲ ਟਾਈਮਜ਼ ਬਿਊਰੋ :- ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ 17 ਦਸੰਬਰ ਨੂੰ ਵਿਸ਼ੇਸ਼ ‘ਪਾਸਪੋਰਟ ਅਦਾਲਤ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਅਦਾਲਤ ਖੇਤਰੀ ਪਾਸਪੋਰਟ ਦਫ਼ਤਰ (ਆਰ. ਪੀ. ਓ.) ਜਲੰਧਰ ਵਿਚ ਸਥਿਤ ਐੱਸ. ਸੀ. ਓ. ਨੰਬਰ 42-51, ਪਾਕੇਟ-1 ਨੇੜੇ ਬੱਸ ਸਟੈਂਡ ਜਲੰਧਰ ਵਿਚ ਆਯੋਜਿਤ ਕੀਤੀ ਜਾਵੇਗੀ। ਖੇਤਰ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਇਸ ਵਿਸ਼ੇਸ਼ ਪਹਿਲ ਦਾ ਉਦੇਸ਼ ਉਨ੍ਹਾਂ ਸਾਰੇ ਬਿਨੈਕਾਰਾਂ ਨੂੰ ਰਾਹਤ ਦੇਣਾ ਹੈ, ਜਿਨ੍ਹਾਂ ਨੇ 31 ਅਕਤੂਬਰ 2025 ਤਕ ਪਾਸਪੋਰਟ ਲਈ ਬਿਨੈ ਕਰ ਦਿੱਤਾ ਸੀ ਪਰ ਉਨ੍ਹਾਂ ਦੀਆਂ ਅਰਜ਼ੀਆਂ ਕਿਸੇ ਕਾਰਨ ਕਰਕੇ ਪੈਂਡਿੰਗ ਹਨ।
ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ 17 ਦਸੰਬਰ ਨੂੰ ਸਵੇਰੇ 9.30 ਤੋਂ ਲੈ ਕੇ 12.30 ਵਜੇ ਦੇ ਵਿਚਕਾਰ ਸਬੰਧਤ ਦਸਤਾਵੇਜ਼ਾਂ ਨਾਲ ਖੇਤਰੀ ਪਾਸਪੋਰਟ ਦਫ਼ਤਰ ਪਹੁੰਚਣ ਤਾਂ ਕਿ ਉਨ੍ਹਾਂ ਦੇ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਕਿਸੇ ਵੀ ਸੰਸਥਾ ਜਾਂ ਦਲਾਲ/ਏਜੰਟ ਨੂੰ ਅਧਿਕਾਰਤ ਨਹੀਂ ਕੀਤਾ ਗਿਆ ਹੈ। ਆਮ ਜਨਤਾ ਨੂੰ ਅਪੀਲ ਹੈ ਕਿ ਉਹ ਪਾਸਪੋਰਟ ਨਾਲ ਸਬੰਧਤ ਸਾਰੀਆਂ ਸੇਵਾਵਾਂ ਲਈ ਸਿਰਫ਼ ਵਿਦੇਸ਼ ਮੰਤਰਾਲੇ ਦੀ ਅਧਿਕਾਰਕ ਵੈੱਬਸਾਈਟ ਜ਼ਰੀਏ ਹੀ ਅਪਲਾਈ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਦਲਾਲ ਜਾਂ ਏਜੰਟ ਤੋਂ ਦੂਰੀ ਬਣਾਈ ਰੱਖਣ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਬਿਨੈਕਾਰ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਨਾਲ ਸਿੱਧੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਾਸਪੋਰਟ ਨਾਲ ਸਬੰਧਤ ਕੋਈ ਵੀ ਸਮੱਸਿਆ ਦਾ ਹੱਲ ਕਰਨ ਲਈ ਲੋਕਾਂ ਨੂੰ ਪਾਸਪੋਰਟ ਅਦਾਲਤ ਵਿਚ ਹਿੱਸਾ ਲੈਣ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਸਪੋਰਟ ਅਧਿਕਾਰੀ ਇਸ ਅਦਾਲਤ ਵਿਚ ਬਿਨੈਕਾਰਾਂ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਕਰਨਗੇ।
