ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੀ ਧੋਬੀਆਨਾ ਬਸਤੀ ਵਿੱਚ ਸਰਕਾਰੀ ਜ਼ਮੀਨ ‘ਤੇ ਕੀਤੇ ਨਾਜਾਇਜ਼ ਕਬਜ਼ੇ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਸਰਕਾਰੀ ਬੁਲਡੋਜ਼ਰ ਚਲਾ ਕੇ ਕਬਜ਼ਾ ਹਟਵਾਇਆ। ਕਬਜ਼ਾਧਾਰੀ ਬਲਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਇਸ ਮੌਕੇ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਧੋਬੀਆਨਾ ਬਸਤੀ ਵਿੱਚ ਸਰਕਾਰੀ ਜਗ੍ਹਾ ‘ਤੇ ਨਾਜਾਇਜ਼ ਤੌਰ ‘ਤੇ ਘਰ ਬਣਾਇਆ ਹੋਇਆ ਸੀ। ਪੁੱਡਾ ਵੱਲੋਂ ਕਬਜ਼ਾ ਹਟਾਉਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਕਬਜ਼ਾਧਾਰੀ ਨੇ ਨੋਟਿਸ ਦੀ ਪਾਲਣਾ ਨਹੀਂ ਕੀਤੀ।
ਐਸਪੀ ਨੇ ਕਿਹਾ ਕਿ ਬਲਵਿੰਦਰ ਸਿੰਘ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਅਜਿਹੀ ਸਥਿਤੀ ‘ਚ ਅੱਜ ਪੁਲਿਸ ਪ੍ਰਸ਼ਾਸਨ ਨੇ ਸਰਕਾਰੀ ਬੁਲਡੋਜ਼ਰ ਰਾਹੀਂ ਨਾਜਾਇਜ਼ ਕਬਜ਼ਾ ਹਟਵਾਇਆ।
ਐਸਪੀ ਨਰਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ 2025 ਤੋਂ ਲੈ ਕੇ ਅੱਜ ਤੱਕ ਜ਼ਿਲ੍ਹੇ ‘ਚ 1899 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 2802 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਭੇਜਿਆ ਗਿਆ ਹੈ। ਇਨ੍ਹਾਂ ‘ਚੋਂ 76 ਵੱਡੇ ਨਸ਼ਾ ਤਸਕਰ ਹਨ, ਜਿਨ੍ਹਾਂ ‘ਤੇ ਕਮਰਸ਼ੀਅਲ ਕਵਾਂਟਟੀ ਦੇ ਕੇਸ ਦਰਜ ਹਨ। ਪੁਲਿਸ ਵੱਲੋਂ 14 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
