ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਅੱਜ ਪੀ ਆਰ ਟੀ ਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕਾਂਟਰੈਕਟ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ, ਜਿਸ ਕਾਰਨ ਸੂਬੇ ਭਰ ਦੀ ਆਵਾਜਾਈ ਪ੍ਰਣਾਲੀ ਠੱਪ ਹੋ ਗਈ। 3000 ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ‘ਤੇ ਨਹੀਂ ਉਤਰੀਆਂ, ਜਿਸ ਨਾਲ ਸੈਂਕੜਿਆਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਾਂਟਰੈਕਟ ਮੁਲਾਜ਼ਮਾਂ ਵੱਲੋਂ ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਬੱਸ ਪਰਮਿਟ ਜਾਰੀ ਕਰਨ ਦੇ ਵਿਰੋਧ ਵਿੱਚ ਇਹ ਹੜਤਾਲ ਕੀਤੀ ਗਈ ਹੈ। ਕੱਲ੍ਹ ਚੰਡੀਗੜ੍ਹ ਵਿੱਚ ਟਰਾਂਸਪੋਰਟ ਸਕੱਤਰ ਨਾਲ ਹੋਈ ਮੀਟਿੰਗ ਬੇਨਤੀਜਾ ਰਹੀ, ਜਿਸ ਤੋਂ ਬਾਅਦ ਯੂਨੀਅਨਾਂ ਨੇ ਅੱਜ ਚੱਕਾ ਜਾਮ ਕਰਨ ਦਾ ਐਲਾਨ ਕੀਤਾ।
ਜਥੇਬੰਦੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੀ ਵਾਰਾਂ ਵਾਂਗ ਟਾਲਮਟੋਲ ਨੀਤੀ ਅਪਣਾਈ ਗਈ ਅਤੇ ਮੰਗਾਂ ‘ਤੇ ਕੋਈ ਹੱਲ ਨਹੀਂ ਨਿਕਲਿਆ। ਇਸ ਰੋਸ ਦੇ ਤਹਿਤ ਅੱਜ ਡਿਪੂ-ਵਾਈਜ਼ ਪ੍ਰਦਰਸ਼ਨ ਕੀਤੇ ਗਏ। ਸੰਗਰੂਰ ਡਿਪੂ ਦੀਆਂ 120 ਬੱਸਾਂ ਵਿੱਚੋਂ 90 ਬੱਸਾਂ ਅੱਜ ਨਹੀਂ ਚੱਲ ਸਕੀਆਂ।
ਯੂਨੀਅਨਾਂ ਨੇ ਚੇਤਾਵਨੀ ਦਿੱਤੀ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਨੂੰ “ਗੁਲਾਮੀ ਦਿਵਸ” ਵਜੋਂ ਮਨਾਇਆ ਜਾਵੇਗਾ। ਇਸ ਦਿਨ ਜਿੱਥੇ ਵੀ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਜਾਂ ਕੈਬਨਿਟ ਮੰਤਰੀ ਝੰਡਾ ਲਹਿਰਾਉਣ ਪਹੁੰਚਣਗੇ, ਉੱਥੇ ਮੁਲਾਜ਼ਮ ਕਾਲੇ ਝੋਲੇ ਪਾ ਕੇ ਤੇ ਕਾਲੀਆਂ ਝੰਡੀਆਂ ਲਹਿਰਾ ਕੇ ਵਿਰੋਧ ਕਰਨਗੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਠੇਕੇਦਾਰੀ ਪ੍ਰਣਾਲੀ ਖਤਮ ਕੀਤੀ ਜਾਵੇ, ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਤੋਂ ਮੁਲਾਜ਼ਮਾਂ ਨੂੰ ਆਜ਼ਾਦ ਕਰਾਇਆ ਜਾਵੇ ਅਤੇ ਵਿਭਾਗ ਦੇ ਨਿੱਜੀਕਰਨ ਨੂੰ ਰੋਕਿਆ ਜਾਵੇ।
