ਝਬਾਲ : ਤੇਲੰਗਾਨਾ ਵਿਖੇ ਸ੍ਰੀਸੈਲਮ ਸੁਰੰਗ ਦਾ ਕੁਝ ਹਿੱਸਾ ਡਿੱਗਣ ਕਾਰਨ ਸੁਰੰਗ ਵਿਚ ਫਸੇ 8 ਲੋਕਾਂ ਵਿਚ ਸਰਹੱਦੀ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵੀ ਸ਼ਾਮਲ ਹੈ। ਸੋਗ ਵਿਚ ਡੁੱਬੀ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 20ਸਾਲ ਤੋਂ ਤੇਲੰਗਾਨਾ ਵਿਖੇ ਇਕ ਕੰਸਟ੍ਰਕਸ਼ਨ ਕੰਪਨੀ ਵਿਚ ਮਸ਼ੀਨ ਆਪਰੇਟਰ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਅਜੇ 20 ਦਿਨ ਪਹਿਲਾਂ ਹੀ ਉਸ ਦਾ ਪਤੀ ਪਿੰਡੋਂ ਰੋਜ਼ੀ ਰੋਟੀ ਕਮਾਉਣ ਲਈ ਕੰਮ ‘ਤੇ ਤੇਲੰਗਾਨਾ ਗਿਆ ਸੀ। ਰਾਜਵਿੰਦਰ ਕੌਰ ਨੇ ਦੱਸਿਆ ਕਿ ਸ਼ਨੀਵਾਰ ਉਸ ਦੇ ਪਤੀ ਨੇ ਕੰਮ ‘ਤੇ ਜਾਣ ਤੋਂ ਪਹਿਲਾਂ ਉਸ ਨੂੰ ਫੋਨ ਕੀਤਾ ਸੀ ਅਤੇ ਉਸ ਤੋਂ ਬਾਅਦ ਗੱਲ ਬਾਤ ਨਹੀਂ ਹੋਈ।
ਗੁਰਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਘਰ ਵਿਚ ਉਸ ਦੀ ਪਤਨੀ ਤੋਂ ਇਲਾਵਾ ਦੋ ਲੜਕੀਆਂ ਸੁਮਨਪ੍ਰੀਤ ਕੌਰ, ਰਮਨਦੀਪ ਕੌਰ ਅਤੇ ਮਾਤਾ ਦਰਸ਼ਨ ਕੌਰ ਹਨ। ਰਾਜਵਿੰਦਰ ਕੌਰ ਨੇ ਦੱਸਿਆ ਕਿ ਸ਼ਾਮ ਵੇਲੇ ਕੰਪਨੀ ਦੇ ਕਰਮਚਾਰੀ ਨੇ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਸੁਰੰਗ ਵਿਚ ਕੰਮ ਰਹੇ ਸਨ ਤਾਂ ਅਚਾਨਕ ਸੁਰਗ ਦਾ ਕੁਝ ਹਿੱਸਾ ਡਿੱਗਣ ਕਾਰਨ 8 ਲੋਕ ਲਾਪਤਾ ਹੋ ਗਏ ਹਨ । ਲਾਪਤਾ ਹੋਏ ਲੋਕਾਂ ਨੂੰ ਸੁਰੰਗ ਮਾਹਰਾਂ ਦੇ ਸਹਿਯੋਗ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗੁਰਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।