ਅੰਮ੍ਰਿਤਸਰ ਵਿੱਚ ਕੂੜੇ ਵਾਲੀ ਗੱਡੀ ਵਿੱਚੋਂ ਮਿਲੇ ਗੁਟਕਾ ਸਾਹਿਬ ਦੇ ਅੰਗ; ਸਿੱਖਾਂ ਵਿੱਚ ਭਾਰੀ ਰੋਸ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਕੂੜੇ ਵਾਲੀ ਗੱਡੀ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲਣ ਮਾਮਲੇ ਨੇ ਸਿੱਖ ਸੰਗਤ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਕੂੜੇ ਵਾਲੀ ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਗੁਰਦੁਆਰਾ ਸਾਹਿਬ ਵਿਖੇ ਜਮ੍ਹਾਂ ਕਰਵਾਏ ਪਰ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਦੇ ਮਿਲਣ ਤੋਂ ਇਨਕਾਰ ਕਰ ਦਿੱਤਾ।

ਸਿੱਖ ਜਥੇਬੰਦੀਆਂ ਨੇ ਇਨ੍ਹਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵੇਨਿਊ ਵਿੱਚ ਰੋਸ ਜਤਾਇਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਜਾਰੀ ਹੈ।

ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿੱਚ ਜਮ੍ਹਾਂ ਕਰਵਾਏ ਪਰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਪਹੁੰਚਿਆ ਅਤੇ ਸੀਸੀਟੀਵੀ ਕੈਮਰੇ ਵੀ ਨਾ ਚੱਲਣ ਦੀ ਗੱਲ ਕਹੀ। ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਅਤੇ ਹੋਰ ਸੰਗਠਨਾਂ ਨੇ ਗੰਭੀਰ ਰੋਸ ਜਤਾਇਆ। ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਨਿਹੰਗ ਸਿੰਘ ਬਾਬਾ ਪਾਰਸ ਅਤੇ ਮਨਦੀਪ ਸਿੰਘ ਸਿੱਖ ਆਗੂਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਗੱਲ ਸਿਰਫ਼ ਸਿੱਖਾਂ ਦੀ ਨਹੀਂ, ਸਾਰੇ ਜਗਤ ਦੀ ਮਰਿਆਦਾ ਨਾਲ ਜੁੜੀ ਹੋਈ ਹੈ। ਜਥੇਬੰਦੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਅੰਗ ਕਿਸੇ ਨੇ ਜਾਣਬੁੱਝ ਕੇ ਘਰ ਦੇ ਕੂੜੇ ਵਿਚ ਸੁੱਟੇ ਹਨ ਜੋ ਕਿ ਸਿੱਧੀ ਤੌਰ ਉਤੇ ਬੇਅਦਬੀ ਹੈ। ਜਦੋਂ ਕੂੜਾ ਸੁੱਟਣ ਵੇਲੇ ਗੱਡੀ ਦੇ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਤੇ ਪੋਥੀਆਂ ਰਣਜੀਤ ਐਵਨਿਊ ਡੀ ਬਲਾਕ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਸੰਗਤ ਨੂੰ ਦਿੱਤੇ ਜਾਣ ਦੀ ਵੀ ਗੱਲ ਸਾਹਮਣੇ ਆਈ ਪਰ ਉਹ ਵਿਅਕਤੀ ਕੌਣ ਸੀ, ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਦੂਜੇ ਪਾਸੇ ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਗੁਟਕਾ ਸਾਹਿਬ ਦੇ ਅੰਗ ਬਰਾਮਦ ਹੋਏ ਹਨ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਅੰਗ ਕਿੱਥੋਂ ਆਏ ਤੇ ਕਿਸ ਨੇ ਸੁੱਟੇ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਸਿਰਫ਼ ਇੱਕ ਧਾਰਮਿਕ ਮਾਮਲਾ ਨਹੀਂ, ਇਹ ਸਾਰਿਆਂ ਦੀ ਆਸਥਾ ਅਤੇ ਮਰਿਆਦਾ ਨਾਲ ਜੁੜੀ ਹੋਈ ਗੰਭੀਰ ਘਟਨਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰਾਂ ਦੀ ਪਛਾਣ ਸਿੱਖ ਕੌਮ ਦੇ ਭਰੋਸੇ ਲਈ ਜ਼ਰੂਰੀ ਹੈ।

By Gurpreet Singh

Leave a Reply

Your email address will not be published. Required fields are marked *