ਨੈਸ਼ਨਲ ਟਾਈਮਜ਼ ਬਿਊਰੋ :- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਵਿਰਾਸਤ-ਏ-ਖਾਲਸਾ ਵਿਖੇ ਹੋਣ ਵਾਲੇ ਡਰੋਨ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਉੱਤਰੀ ਭਾਰਤ ਵਿਚ ਪਹਿਲੀ ਵਾਰ 500 ਡਰੋਨ ਰਾਹੀਂ 23 ਤੋਂ 29 ਨਵੰਬਰ ਤੱਕ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿੱਚ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫੇ ਅਤੇ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੇ ਡਰੋਨ ਸ਼ੋਅ ਵਿਖਾਈ ਜਾਣਗੇ। ਜਿਸ ਦੇ ਲਈ ਵਿਆਪਕ ਪੱਧਰ ‘ਤੇ ਤਿਆਰੀਆਂ ਕੀਤੀਆ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸ਼ਰਧਾ ਅਤੇ ਧਾਰਮਿਕ ਭਾਵਨਾ ਨਾਲ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਤਾਂ ਮਹਾਪੁਰਸ਼ਾਂ ਵੱਲੋਂ ਸ੍ਰੀਨਗਰ, ਗੁਰਦਾਸਪੁਰ, ਫਰੀਦਕੋਟ ਅਤੇ ਤਲਵੰਡੀ ਸਾਬੋ ਤੋਂ ਚਾਰ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਤਰਪੁਰ ਸਾਹਿਬ ਤੋਂ 24 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸੀਸ ਭੇਂਟ ਨਗਰ ਕੀਰਤਨ ਵੀ ਪੁੱਜ ਰਿਹਾ ਹੈ। ਇਨ੍ਹਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਤੇ ਸਾਰੇ ਵਿਧਾਇਕ ਹਾਜ਼ਰੀ ਭਰਨਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨਿਮਾਣੀ ਸੰਗਤ ਦੀ ਤਰਾਂ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋ ਰਹੀ ਹੈ।
ਹਰਜੋਤ ਬੈਂਸ ਨੇ ਦੱਸਿਆ ਹੈ ਕਿ 24 ਨਵੰਬਰ ਨੂੰ ਭਾਈ ਜੈਤਾ ਜੀ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਬ ਧਰਮ ਸੰਮੇਲਨ ਵਿਰਾਸਤੀ ਯਾਤਰਾ, ਗਾਈਡਡ ਟੂਰ, ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਪ੍ਰਦਰਸ਼ਨੀ, ਢਾਡੀ ਵਾਰਾ ਨਾਲ ਵੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਗੁਰੂ ਕਾ ਬਾਗ ਛਾਉਣੀ ਬਾਬਾ ਬੁੱਢਾ ਦਲ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪੈਣਗੇ। ਉਨ੍ਹਾਂ ਨੇ ਦੱਸਿਆ ਕਿ ਸਰਬ ਧਰਮ ਸੰਮੇਲਨ ਵਿੱਚ ਪ੍ਰਮੁੱਖ ਸਖਸ਼ੀਅਤਾਂ ਪਹੁੰਚ ਰਹੀਆਂ ਹਨ। ਇਨ੍ਹਾਂ ਸਾਰੇ ਸਮਾਗਮਾਂ ਨੂੰ ਬਹੁਤ ਹੀ ਸਰ਼ਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਸਮਾਗਮ ਸਾਡਾ ਨੋਵੇਂ ਪਾਤਸ਼ਾਹ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਨਮਨ ਹੈ ਜਿਸ ਦੀਆਂ ਤਿਆਰੀਆਂ ਦਿਨ ਰਾਤ ਕੀਤੀਆ ਜਾ ਰਹੀਆਂ ਹਨ।
