CM ਮਾਨ ਦੇ ‘ਪਟੋਲੇ’ ਵਾਲੇ ਬਿਆਨ ਖਿਲ਼ਾਫ ਹਰਸਿਮਰਤ ਕੌਰ ਬਾਦਲ ਖੋਲ੍ਹਿਆ ਮੋਰਚਾ, ਕੀਤੀ FIR ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਮਿਲ ਕੇ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਬੀਬਾ ਬਾਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਮਹਿਲਾ ਪ੍ਰਾਪਤੀਆਂ ਦਾ ਸਨਮਾਨ ਕਰਨ ਦੀ ਬਜਾਏ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਟੇਜ ਤੋਂ ਆਪਣੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕਰਦਿਆਂ ਕੁੜੀਆਂ ਦੇ ਕੱਪੜਿਆਂ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਕੁੜੀ ਪੀਲੇ ਕੱਪੜੇ ਪਾਉਂਦੀ ਸੀ ਤਾਂ ਉਹ ਕਹਿੰਦੇ ਸਨ ਕਿ ‘ਭਰਿੰਡ’ ਆ ਗਈ, ਹਰੇ ਕੱਪੜਿਆਂ ਵਾਲੀ ਨੂੰ ‘ਪਾਕਿਸਤਾਨ ਦਾ ਝੰਡਾ’ ਅਤੇ ਬੈਂਗਣੀ ਕੱਪੜੇ ਪਾਉਣ ਵਾਲੀ ਨੂੰ ‘ਪਟੋਲਾ’ ਕਹਿ ਕੇ ਆਪਣੇ ਦੋਸਤਾਂ ਨੂੰ ਕਹਿੰਦੇ ਸਨ ਕਿ ‘ਇਹ ਤੁਹਾਡੀ ਭਾਬੀ ਹੈ’।

ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਸ਼ਬਦਾਂ ਨੂੰ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਉਹ ‘ਨੰਨ੍ਹੀ ਛਾਂ’ ਵਰਗੀਆਂ ਸੰਸਥਾਵਾਂ ਰਾਹੀਂ 18 ਸਾਲਾਂ ਤੋਂ ਔਰਤਾਂ ਦਾ ਸਤਿਕਾਰ ਵਧਾਉਣ ਲਈ ਮਿਹਨਤ ਕਰ ਰਹੇ ਹਨ, ਉੱਥੇ ਸੂਬੇ ਦੇ ਮੁੱਖ ਮੰਤਰੀ ਅਜਿਹੀਆਂ ਗੱਲਾਂ ਕਰਕੇ ਨੌਜਵਾਨ ਮੁੰਡਿਆਂ ਨੂੰ ਕੁੜੀਆਂ ਨੂੰ ਤੰਗ ਕਰਨ ਦਾ ਗਲਤ ਸੰਦੇਸ਼ ਦੇ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਭਗਵੰਤ ਮਾਨ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 74, 75 ਅਤੇ 79 ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਪੰਜਾਬ ਦੀਆਂ ਔਰਤਾਂ ਉਨ੍ਹਾਂ ਤੋਂ ਮਾਫੀ ਦੀ ਮੰਗ ਕਰਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਦੇ ਨਿੱਜੀ ਜੀਵਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਦੇ ਕਿਰਦਾਰ ‘ਤੇ ਵੀ ਸਵਾਲ ਚੁੱਕੇ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਹਰਸਿਮਰਤ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਹਾਲਾਂਕਿ, ਬਾਦਲ ਨੇ ਖਦਸ਼ਾ ਜਤਾਇਆ ਕਿ ਮੁੱਖ ਮੰਤਰੀ ਹੋਣ ਕਾਰਨ ਕਮਿਸ਼ਨ ਕਿਤੇ ਦਬਾਅ ਹੇਠ ਨਾ ਆ ਜਾਵੇ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਔਰਤਾਂ ਦੇ ਸਤਿਕਾਰ ਲਈ ਇਹ ਲੜਾਈ ਜਾਰੀ ਰੱਖਣਗੇ।

By Gurpreet Singh

Leave a Reply

Your email address will not be published. Required fields are marked *