ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਸੱਤਵੇਂ ਦਿਨ 17 ਸਾਲ ਪਹਿਲਾਂ ਭਰਤੀ ਕੀਤੇ ਇੰਸਪੈਕਟਰਾਂ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਕਾਫ਼ੀ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕੀਤਾ ਗਿਆ।
ਵਿਧਾਨ ਸਭਾ ਵਿੱਚ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕ ਸੁਨੀਲ ਸਾਂਗਵਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਫ਼ੈਸਲਾ ਦਿੱਤਾ ਗਿਆ ਹੈ, ਜਿਸ ਵਿੱਚ ਸਾਲ 2008 ਵਿੱਚ ਭਰਤੀ ਹੋਏ 20 ਇੰਸਪੈਕਟਰਾਂ ਵਿੱਚ ਸਿਖਰਲੇ ਰੈਂਕ ਵਾਲੇ ਉਮੀਦਵਾਰਾਂ ਨੂੰ ਨੌਕਰੀ ਨਹੀਂ ਮਿਲ ਸਕੀ, ਜਦੋਂ ਕਿ ਫੇਲ੍ਹ ਹੋਣ ਵਾਲੇ ਪਾਸ ਕਰ ਦਿੱਤੇ ਗਏ। ਇਸ ਵਿੱਚ ਹਰਿਆਣਾ ਦੇ ਸੀਨੀਅਰ ਸਿਆਸਤਦਾਨਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਕਾਂਗਰਸੀ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ, ‘‘ਭਰਤੀ ਵਿੱਚ ਫਲੂਡ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਫੇਲ੍ਹ ਹੋਏ ਬੱਚਿਆਂ ਨੂੰ ਟਾਪ ਕਰ ਦਿੱਤਾ।’’ ਇਸ ਮਗਰੋਂ ਕਾਂਗਰਸੀ ਵਿਧਾਇਕਾਂ ਨੇ ਕਾਫ਼ੀ ਹੰਗਾਮਾ ਕੀਤਾ ਅਤੇ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ।
ਵਿਰੋਧੀ ਧਿਰ ਨੇ ਮੁੱਖ ਮੰਤਰੀ, ਜਿਨ੍ਹਾਂ ਕੋਲ ਵਿੱਤ ਮੰਤਰੀ ਦਾ ਚਾਰਜ ਵੀ ਹੈ, ਨਾਇਬ ਸਿੰਘ ਸੈਣੀ ਵੱਲੋਂ ਬੀਤੇ ਦਿਨ ਪੇਸ਼ ਕੀਤੇ ਬਜਟ ’ਤੇ ਵੀ ਸਵਾਲ ਚੁੱਕੇ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਅੰਕੜਿਆਂ ਵਿੱਚ ਹੇਰ-ਫੇਰ ਕਰਕੇ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਸਿਰਫ਼ 6 ਫ਼ੀਸਦ ਵਾਧੇ ਦਾ ਹੈ। ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਬੱਤਰਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਆਮਦਨ ਵਧਾਉਣ ਵੱਲ ਕੋਈ ਧਿਆਨ ਨਹੀਂ ਹੈ, ਬਲਕਿ ਕਰਜ਼ਾ ਚੁੱਕ-ਚੁੱਕ ਕੇ ਕੰਮ ਚਲਾਇਆ ਜਾ ਰਿਹਾ ਹੈ।