ਚੰਡੀਗੜ੍ਹ (ਨੈਸ਼ਨਲ ਟਾਈਮਜ਼): ਹਰਿਆਣਾ ਦੇ ਉਚੇਰੀ ਸਿੱਖਿਆ ਵਿਭਾਗ ਦੇ ਵਿਗਿਆਨ ਅਤੇ ਤਕਨਾਲੋਜੀ ਨਿਰਦੇਸ਼ਕ ਦਫਤਰ ਵੱਲੋਂ ਸਾਲ 2022, 2023 ਅਤੇ 2024 ਲਈ ਹਰਿਆਣਾ ਵਿਗਿਆਨ ਰਤਨ ਅਤੇ ਹਰਿਆਣਾ ਯੁਵਾ ਵਿਗਿਆਨ ਰਤਨ ਅਵਾਰਡਾਂ ਦਾ ਐਲਾਨ ਕੀਤਾ ਗਿਆ ਹੈ।
ਵਿਗਿਆਨ ਅਤੇ ਤਕਨਾਲੋਜੀ ਨਿਰਦੇਸ਼ਕ ਦਫਤਰ ਦੇ ਮਹਾਨਿਰਦੇਸ਼ਕ ਸ਼੍ਰੀ ਰਾਜੀਵ ਰਤਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਅਪ੍ਰੈਲ ਵਿੱਚ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਚੋਣ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਅਵਾਰਡ ਜੇਤੂਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਚੋਣ ਕਮੇਟੀ ਵਿੱਚ ਨਿਰਦੇਸ਼ਕ ਦਫਤਰ ਦੇ ਪ੍ਰਸ਼ਾਸਕੀ ਸਕੱਤਰ ਅਤੇ ਮਹਾਨਿਰਦੇਸ਼ਕ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ ਜੇਤੂਆਂ ਨੂੰ ਬਾਹਰੀ ਮਾਹਿਰ ਵਜੋਂ ਸ਼ਾਮਲ ਕੀਤਾ ਗਿਆ ਸੀ। ਨੇੜ ਭਵਿੱਖ ਵਿੱਚ ਸੂਬਾਈ ਪੱਧਰ ਦੇ ਸਮਾਗਮ ਵਿੱਚ ਇਨ੍ਹਾਂ ਵਿਗਿਆਨੀਆਂ ਨੂੰ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸਾਲ 2022 ਲਈ ਵਿਗਿਆਨੀ ਡਾ. ਅਰਵਿੰਦ ਕੁਮਾਰ ਅਤੇ ਡਾ. ਰਾਜਕੁਮਾਰ ਨੂੰ ਹਰਿਆਣਾ ਵਿਗਿਆਨ ਰਤਨ ਅਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦਕਿ ਡਾ. ਵਿਨੀਤ ਵਸ਼ਿਸ਼ਠ ਅਤੇ ਡਾ. ਵਿਕਾਸ ਨੂੰ ਹਰਿਆਣਾ ਯੁਵਾ ਵਿਗਿਆਨ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਾਲ 2023 ਲਈ ਡਾ. ਸੁਦੇਸ਼ ਕੌਰ ਖੰਡੂਜਾ ਨੂੰ ਹਰਿਆਣਾ ਵਿਗਿਆਨ ਰਤਨ ਅਵਾਰਡ ਲਈ ਚੁਣਿਆ ਗਿਆ ਹੈ। ਡਾ. ਪਰਮਵੀਰ ਸਿੰਘ ਅਤੇ ਡਾ. ਚਿਰਾਗ ਜੈਨ ਨੂੰ ਹਰਿਆਣਾ ਯੁਵਾ ਵਿਗਿਆਨ ਰਤਨ ਅਵਾਰਡ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਸਾਲ 2024 ਲਈ ਡਾ. ਦੀ �pਕ ਥੰਕੱਪਨ ਅਤੇ ਡਾ. ਅਨਿਰਬਨ ਬਸੁ ਨੂੰ ਹਰਿਆਣਾ ਵਿਗਿਆਨ ਰਤਨ ਅਵਾਰਡ ਲਈ ਚੁਣਿਆ ਗਿਆ ਹੈ, ਜਦਕਿ ਡਾ. ਜੋਗਿੰਦਰ ਸਿੰਘ ਅਤੇ ਡਾ. ਸਵਾਤੀ ਸਿੰਘ ਨੂੰ ਹਰਿਆਣਾ ਯੁਵਾ ਵਿਗਿਆਨ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਨਿਰਦੇਸ਼ਕ ਦਫਤਰ ਵੱਲੋਂ ਹਰ ਸਾਲ ਵੱਧ ਤੋਂ ਵੱਧ ਦੋ ਵਿਗਿਆਨ ਰਤਨ ਅਵਾਰਡ ਅਤੇ ਦੋ ਯੁਵਾ ਵਿਗਿਆਨ ਰਤਨ ਅਵਾਰਡ ਦੀ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਅਧੀਨ, ਇਹ ਅਵਾਰਡ ਉਨ੍ਹਾਂ ਪ੍ਰਤਿਸ਼ਠਿਤ ਵਿਗਿਆਨੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ, ਉਹ ਵਿਗਿਆਨੀ ਜਿਨ੍ਹਾਂ ਨੇ ਦਸ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਹਰਿਆਣਾ ਸੂਬੇ ਵਿੱਚ ਕੰਮ ਕੀਤਾ ਹੈ ਅਤੇ/ਜਾਂ ਸਿੱਖਿਆ ਹਾਸਲ ਕੀਤੀ ਹੈ ਜਾਂ ਜਿਨ੍ਹਾਂ ਕੋਲ ਵੈਧ ਹਰਿਆਣਾ ਨਿਵਾਸੀ ਸਰਟੀਫਿਕੇਟ ਹੈ।
ਉਨ੍ਹਾਂ ਦੱਸਿਆ ਕਿ ਹਰਿਆਣਾ ਵਿਗਿਆਨ ਰਤਨ ਅਵਾਰਡ 40 ਸਾਲ ਤੋਂ ਵੱਧ ਉਮਰ ਦੇ ਵਿਗਿਆਨੀਆਂ ਲਈ ਹੈ, ਜਦਕਿ ਯੁਵਾ ਅਵਾਰਡ 40 ਸਾਲ ਤੋਂ ਘੱਟ ਉਮਰ ਦੇ ਵਿਗਿਆਨੀਆਂ ਲਈ ਹੈ। ਹਰੇਕ ਵਿਗਿਆਨ ਰਤਨ ਅਵਾਰਡ ਲਈ ਪੁਰਸਕਾਰ ਰਾਸ਼ੀ 5.00 ਲੱਖ ਰੁਪਏ ਹੈ, ਜਦਕਿ ਹਰੇਕ ਯੁਵਾ ਵਿਗਿਆਨ ਰਤਨ ਅਵਾਰਡ ਲਈ 1.00 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਂਦੀ ਹੈ।
ਹਰਿਆਣਾ ਦੇ ਉਚੇਰੀ ਸਿੱਖਿਆ ਵਿਭਾਗ ਨੇ ਐਲਾਨੇ ਵਿਗਿਆਨ ਰਤਨ ਅਤੇ ਯੁਵਾ ਵਿਗਿਆਨ ਰਤਨ ਅਵਾਰਡ
